ਸੈਕਰਾਮੈਂਟੋ, 2 ਅਗਸਤ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਇਕ ਅਹਿਮ ਮੀਟਿੰਗ ਤੰਦੂਰੀ ਗਰਿੱਲ ਐਂਡ ਸਵੀਟ ਸ਼ਾਪ ਸੈਕਰਾਮੈਂਟੋ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਸਭਾ ਦੇ ਮੈਂਬਰਾਂ ਅਤੇ ਆਏ ਮਹਿਮਾਨਾਂ ਵੱਲੋਂ ਮਰਹੂਮ ਪੰਜਾਬੀ ਲੋਕ ਗਾਇਕ ਜਨਾਬ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਦੋ ਮਿੰਟ ਦਾ ਮੋਨ ਧਾਰ ਕੇ ਸੁਰਿੰਦਰ ਛਿੰਦਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੇ ਨਾਲ ਹੀ ਉੱਘੇ ਸਾਹਿਤਕਾਰ ਹਰਭਜਨ ਸਿੰਘ ਹੁੰਦਲ ਦੇ ਅਕਾਲ ਚਲਾਣੇ ‘ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਖਚਾਖਚ ਭਰੇ ਹਾਲ ਵਿਚ ਦੂਰੋਂ-ਨੇੜਿਓਂ ਆਣ ਕੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ।
ਸਭਾ ਦੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਦਿਲ ਨਿੱਜਰ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਦਿਲ ਨਿੱਜਰ ਨੇ ਸਭਾ ਦੀਆਂ ਆਉਣ ਵਾਲੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਪਰੰਤ ਯੂ.ਕੇ. ਤੋਂ ਆਏ ਮਹਿਮਾਨ ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਅਤੇ ਉਨ੍ਹਾਂ ਦੀ ਧਰਮਪਤਨੀ ਜਗਮਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬੀ ਮਾਂ-ਬੋਲੀ ‘ਚ ਯੋਗਦਾਨ ਪਾਉਣ ਲਈ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਸ਼ਲਾਘਾ ਕੀਤੀ। ਕਵੀ ਸੰਮੇਲਨ ਵਿਚ ਹੋਰਨਾਂ ਤੋਂ ਇਲਾਵਾ ਪਰਗਟ ਸਿੰਘ ਹੁੰਦਲ, ਜੋਤੀ ਸਿੰਘ, ਗੁਰਜਤਿੰਦਰ ਸਿੰਘ ਰੰਧਾਵਾ, ਦਿਲ ਨਿੱਜਰ, ਗੁਰਦੀਪ ਕੌਰ, ਡਾ. ਕੋਮਲਪ੍ਰੀਤ ਕੌਰ ਭਿੰਡਰ, ਹਰਭਜਨ ਸਿੰਘ ਢਿੱਲੋਂ, ਭਾਗ ਸਿੰਘ ਸਾਰੋਂ, ਜਸਪਿੰਦਰ ਪਾਲ ਸਿੰਘ ਵਿਰਕ, ਫਕੀਰ ਸਿੰਘ ਮੱਲ੍ਹੀ, ਪ੍ਰੋਫੈਸਰ ਹਰਜੀਤ ਸਿੰਘ ਅਸ਼ਕ, ਬਿਕਰ ਸਿੰਘ ਮਾਨ, ਪਿੰ੍ਰਸੀਪਲ ਜਗਮਿੰਦਰ ਕੌਰ ਤੇ ਮਲਿਕ ਇਮਤਿਆਜ਼ ਨੇ ਆਪੋ-ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ, ਜੋ ਸਲਾਹੁਣਯੋਗ ਸੀ। ਇਸ ਮੌਕੇ ਸਭਾ ਵੱਲੋਂ ਪ੍ਰੋ. ਹਰਜੀਤ ਸਿੰਘ ਅਸ਼ਕ, ਪਿੰ੍ਰਸੀਪਲ ਜਗਮਿੰਦਰ ਕੌਰ ਅਤੇ ਡਾ. ਕੋਮਲਪ੍ਰੀਤ ਕੌਰ ਭਿੰਡਰ ਦਾ ਦੋਸ਼ਾਲਾ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਵੱਲੋਂ ਚਾਹ, ਪਾਣੀ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ। ਕੁੱਲ ਮਿਲਾ ਕੇ ਇਹ ਮੀਟਿੰਗ ਆਪਣੀ ਵੱਖਰੀ ਪੈੜਾਂ ਛੱਡ ਗਈ।