#CANADA

ਪੰਜਾਬੀ ਵਿਦਿਆਰਥੀਆਂ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਓਨਟਾਰੀਓ, 17 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਓਨਟਾਰੀਓ ਦੇ ਇਕ ਕਾਲਜ ਵਿੱਚ ਦਾਖਲੇ ਦੇ ਆਧਾਰ ’ਤੇ ਵੀਜ਼ੇ ਲੈ ਕੇ ਪੁੱਜੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਵੱਲੋਂ ਵਰਤੇ ਗਏ ਦਸਤਾਵੇਜ਼ ਜਾਅਲੀ ਸਾਬਤ ਹੋਣ ਮਗਰੋਂ ਸਰਹੱਦੀ ਸੇਵਾਵਾਂ ਵਿਭਾਗ (ਸੀ.ਬੀ.ਐੱਸ.ਏ.) ਨੇ ਉਨ੍ਹਾਂ ਦੇ ਦੇਸ਼ ਨਿਕਾਲੇ ਦੀ ਤਿਆਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 722 ਵਿਦਿਆਰਥੀਆਂ ਵਿੱਚੋਂ ਬਹੁਗਿਣਤੀ ਉਹ ਵਿਦਿਆਰਥੀ ਹਨ, ਜਿਨ੍ਹਾਂ ਨੂੰ ਜਲੰਧਰ ਦੇ ਇੱਕ ਏਜੰਟ ਨੇ ਭੇਜਿਆ ਸੀ ਤੇ ਉਹ ਤਿੰਨ-ਚਾਰ ਸਾਲ ਤੋਂ ਕੈਨੇਡਾ ਰਹਿ ਰਹੇ ਸਨ। ਇਹ ਜਾਅਲਸਾਜ਼ੀ ਉਦੋਂ ਸਾਹਮਣੇ ਆਈ, ਜਦੋਂ ਇਨ੍ਹਾਂ ਵਿਦਿਆਰਥੀਆਂ ਵੱਲੋਂ ਪੱਕੇ ਹੋਣ ਲਈ ਅਵਾਸ ਵਿਭਾਗ ਨੂੰ ਭੇਜੀਆਂ ਗਈਆਂ ਫਾਈਲਾਂ ਦੀ ਸਰਹੱਦੀ ਸੇਵਾਵਾਂ ਵਿਭਾਗ ਨੇ ਜਾਂਚ ਕੀਤੀ। ਵਿਭਾਗ ਵੱਲੋਂ ਵਿਦਿਆਰਥੀਆਂ ਦਾ ਪੱਖ ਜਾਨਣ ਮੌਕੇ ਏਜੰਟ ਦੀ ਜਾਅਲਸਾਜ਼ੀ ਦੀਆਂ ਪਰਤਾਂ ਖੁੱਲ੍ਹੀਆਂ। ਪਤਾ ਲੱਗਿਆ ਹੈ ਕਿ ਜਲੰਧਰ ਦੇ ਇਸ ਏਜੰਟ ਦਾ ਦਫ਼ਤਰ ਕਈ ਮਹੀਨਿਆਂ ਤੋਂ ਬੰਦ ਹੈ। ਇਹ ਏਜੰਟ ਟਰਾਂਟੋ ਦੇ ਇੱਕ ਕਾਲਜ ਦਾ ਜਾਅਲੀ ਆਫਰ-ਲੈਟਰ ਲਗਾ ਕੇ ਹਰੇਕ ਵਿਦਿਆਰਥੀ ਤੋਂ 17-18 ਲੱਖ ਰੁਪਏ ਲੈ ਕੇ ਵੀਜ਼ੇ ਲਵਾ ਦਿੰਦਾ ਸੀ। ਜਦ ਵਿਦਿਆਰਥੀ ਟਰਾਂਟੋ ਪਹੁੰਚਦੇ ਤਾਂ ਉਨ੍ਹਾਂ ਨੂੰ ਕਾਲਜ ਦੀਆਂ ਸੀਟਾਂ ਭਰਨ ਬਾਰੇ ਕਹਿ ਕੇ ਛੇ ਮਹੀਨੇ ਉਡੀਕ ਕਰਨ ਜਾਂ ਕਿਸੇ ਹੋਰ ਕਾਲਜ ਵਿਚ ਦਾਖਲ ਹੋਣ ਲਈ ਕਹਿੰਦਾ। ਭਰੋਸਾ ਪੱਕਾ ਕਰਨ ਲਈ ਹੋਰ ਕਾਲਜਾਂ ਵਿੱਚ ਦਾਖ਼ਲਾ ਭਰਨ ਲਈ ਇਹੀ ਏਜੰਟ 5-6 ਲੱਖ ਰੁਪਏ ਮੋੜ ਵੀ ਦਿੰਦਾ ਰਿਹਾ। ਦੋ-ਦੋ ਸਾਲ ਪੜ੍ਹਾਈ ਕਰਕੇ ਜਦੋਂ ਵਿਦਿਆਰਥੀਆਂ ਨੇ ਪੱਕੇ ਹੋਣ ਲਈ ਕਾਗ਼ਜ਼ ਭਰੇ ਤਾਂ ਜਾਂਚ ਦੌਰਾਨ ਜਾਅਲਸਾਜ਼ੀ ਦਾ ਭਾਂਡਾ ਫੁੱਟਿਆ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਿ ਏਜੰਟ ਵੀਜ਼ਾ ਦਰਖਾਸਤ ਉਤੇ ਵਿਦਿਆਰਥੀ ਵੱਲੋਂ ‘ਖ਼ੁਦ ਫਾਰਮ ਭਰ ਰਿਹਾ ਤੇ ਏਜੰਟ ਦੀ ਮਦਦ ਨਹੀਂ ਲੈ ਰਿਹਾ’ ਲਿਖਵਾ ਕੇ ਜਾਅਲਸਾਜ਼ੀ ਦੀ ਜ਼ਿੰਮੇਵਾਰੀ ਵੀ ਵਿਦਿਆਰਥੀਆਂ ਸਿਰ ਪਾਉਂਦਾ ਰਿਹਾ।

Leave a comment