#AMERICA

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਸਾਹਿਤਕ ਪ੍ਰੋਗਰਾਮ ਵਿੱਚ ਗੀਤ-ਸੰਗੀਤ,ਕਾਵਿ ਮਹਿਫਲ ਤੇ ਰੂ-ਬ-ਰੂ

ਸਿਆਟਲ, 30 ਜੂਨ (ਪੰਜਾਬ ਮੇਲ)- ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਤੇ ਉਸਦੇ ਸਰਵਪੱਖੀ ਵਿਕਾਸ ਲਈ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਇਕ ਸਾਹਿਤਕ ਪੋ੍ਰਗਰਾਮ ਸਭਾ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ ਜੀ ਦੇ ਨਵੇਂ ਗ੍ਰਹਿ ਵਿਖੇ ਜੂਨ 25,2023 ਨੂੰ ਕੀਤਾ ਗਿਆ।ਉਘੇ ਪੰਜਾਬੀ ਸਾਹਿਤਕਾਰ ਨਾਵਲਿਸਟ ਮਹਿੰਦਰਪਾਲ ਸਿੰਘ ਧਾਲੀਵਾਲ ਯੂ.ਕੇ, ਮਾਂ ਬੋਲੀ ਪੰਜਾਬੀ ਦੀ ਝੋਲੀ ਅਨੇਕਾਂ ਕਾਵਿ-ਪੁਸਤਕਾਂ ਪਾ ਚੁੱਕੇ ਮਹਿੰਦਰਪਾਲ ਸਿੰਘ ਪਾਲ ਕੈਨੇਡਾ ਅਤੇ ਪੰਜਾਬ-ਪੰਜਾਬੀ-ਪੰਜਾਬੀਅਤ ਦਾ ਮੁਜੱਸਮਾ ਭੈਣ ਕੁਲਵੰਤ ਕੌਰ ਢਿਲੋਂ ਯੂ. ਕੇ., ਮਾਂ ਬੋਲੀ ਪੰਜਾਬੀ ਦੀ ਬੇਟੀ ਯਸ਼ ਸਾਥੀ ਯੂ.ਕੇ. ਨੇ ਸ਼ਿਰਕਤ ਕੀਤੀ। ਸਾਹਿਤਕ ਗੀਤਾਂ ਦੇ ਗਾਇਕ ਮਚਲਾ ਜੱਟ ਯੂ.ਐਸ.ਏ. ਅੱਜ ਦੇ ਸਮਾਗਮ ਦੀ ਸ਼ਾਨ ਸਨ।
ਸਭਾ ਦੇ ਸਕੱਤਰ ਡਾ.ਸੁਖਵੀਰ ਬੀਹਲਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ਤੇ ਅਦਬੀ-ਸਤਿਕਾਰ ਦਾ ਇਜ਼ਹਾਰ ਕਰਦਿਆਂ ਪ੍ਰੋਗਰਾਮ ਦੀ ਸ਼ੁਰੂ ਆਤ ਕੀਤੀ ।ਸਭਾ ਦੇ ਪ੍ਰਧਾਨ ਹਰਪਾਲ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ,ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ ਅਤੇ ਸਭਾ ਦੀਆਂ ਗਤੀ ਵਿਧੀਆਂ ਬਾਰੇ ਚਾਨਣਾ ਪਾਇਆ।
‘ਬਾਗੀ ਹੋਈ ਪੌਣ, ਸੋਫੀਆ, ਨਹੀਂ ਸੁਕਣੇ ਕਦੇ ਦਰਿਆ,ਪਿਉਂਦ ਤੋਂ ਪਹਿਲਾਂ,ਨਾਥਾਵੇਂ ’ਆਦਿ ਅਨੇਕਾਂ ਲਿਖੇ ਆਪਣੇ ਨਾਵਲਾਂ ਦੇ ਵਿਸ਼ਿਆਂ ਬਾਰੇ ਗੱਲ ਕਰਦਿਆਂ ਮਹਿੰਦਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹਨਾਂ ਦੇ ਨਾਵਲਾਂ ਦੇ ਵਿਸ਼ੇ ਜ਼ਿਆਦਾ ਕਰਕੇ ਇਤਿਹਾਸਕ ਹਨ ਜਦੋਂ ਕਿ ‘ਗਦਰ ਪਾਰਟੀ ਲਹਿਰ’, ‘ਨਕਸਲਾਈਟ ਮੂਵਮੈਂਟ’ ਅਤੇ ਬਰਤਾਨੀਆਂ ਸਮਾਜ ਦੀ ਦਿਸ਼ਾ ਅਤੇ ਦਸ਼ਾ ਆਦਿ ਦੀ ਚਰਚਾ ਵੀ ਉਸਦੇ ਨਾਵਲਾਂ ਵਿੱਚ ਹੈ।ਉਹਨਾਂ ਦੀਆਂ ਕਈ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਹਨ।ਚਰਚਿਤ ਕਹਾਣੀਆਂ ਦੀ ਕਿਤਾਬ ਵੀ ਉਹਨਾਂ ਦੀ ਪ੍ਰਾਪਤੀ ਹੈ।
ਗੀਤਾਂ ਤੋਂ ਸਫ਼ਰ ਸ਼ੁਰੂ ਕਰਕੇ ਕਵਿਤਾਵਾਂ, ਗ਼ਜਲਾਂ ਆਦਿ ਦੇ ਕਈ ਸੰਗ੍ਰਹਿ ਜਿਵੇਂ ਨਵੇਂ ਸਵੇਰ ਨਵੀਆਂ ਮਹਿਕਾਂ,ਖ਼ਾਮੋਸ਼ੀਆਂ, ਆਲ੍ਹਣਾ,ਨਵ ਤਰੰਗ ਆਦਿ ਤੋਂ ਬਾਅਦ ਨਵੇਂ ਛਪੇ ਕਾਵਿ-ਸੰਗ੍ਰਹਿ ਤ੍ਰਿਵੇਣੀ ਦੀਆਂ ਗ਼ਜ਼ਲਾਂ, ਕਵਿਤਾਵਾਂ,ਰੁਬਾਈਆਂ ਦੀ ਵਿਲੱਖਣ ਸ਼ੈਲੀ ਨਾਲ ਲੋਕ ਮਨਾਂ ਵਿੱਚ ਜਗਾਹ ਬਣਾ ਬੈਠੇ ਮਹਿੰਦਰਪਾਲ ਸਿੰਘ ਪਾਲ ਕੈਨੇਡਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੀਆਂ ਗ਼ਜ਼ਲਾਂ ਦੇ ਕਈ ਕਾਬੁਲ ਏ ਗੌਰ ਸ਼ੇਅਰ ਸਰੋਤਿਆਂ ਨਾਲ ਸਾਂਝੇ ਕੀਤੇ।
ਸਾਹਿਤ ਕਲਾ ਕੇਂਦਰ ਯੂ.ਕੇ.ਦੀ ਪ੍ਰਧਾਨਾ ਅਤੇ ਔਰਤ-ਸੰਵੇਦਨਾਵਾਂ ਦੀ ਤਰਜਮਾਨੀ ਕਰਨ ਵਾਲੀ ਲੋਕ-ਲੇਖਿਕਾ ਕੁਲਵੰਤ ਕੌਰ ਢਿਲੋਂ ਬਰਤਾਨੀਆ ਵਿੱਚ ਰੇਡੀਓ-ਹੋਸਟ ਵੀ ਹੈ।ਪੰਜਾਬੀ ਲਿਖਾਰੀ ਸਭਾ ਨਾਲ ਦਿਲੀ-ਸਾਂਝ ਦਾ ਜ਼ਿਕਰ ਕਰਦਿਆਂ ਉਹਨਾਂ ਆਪਣੀ ਮਸ਼ਹੂਰ ਕਵਿਤਾ- ‘ਮੈਂ ਨਹੀਂ ਕੋਈ ਮੀਰਾ ਜੋ ਜ਼ਹਿਰ ਪਿਆਲਾ ਪੀ ਜਾਵਾਂ’ ਦੇ ਰਾਹੀਂ ਔਰਤਾਂ ਨੂੰ ਅਗਾਂਹਵਧੂ ਸੋਚ ਅਪਨਾਉਣ ਲਈ ਪ੍ਰੇਰਰਿਆ। ਮਾਨਸਿਕ ਅਤੇ ਸਾਹਿਤਕ ਤੌਰ ਤੇ ਸਿਆਟਲ ਸ਼ਹਿਰ ਨਾਲ ਜੁੜੀ, ਯ.ਕੇ. ਵਿੱਚ ਵੱਸਦੀ ਸ਼੍ਰੀਮਤੀ ਯਸ਼ ਸਾਥੀ ਸੁਪਤਨੀ ਸਵਰਗਵਾਸੀ ਸਾਥੀ ਲੁਧਿਆਣਵੀ, ਜੀ ਨੇ ਸਾਥੀ ਜੀ ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਬੋਲ ਕੇ ਯਾਦਾਂ ਨੂੰ ਤਾਜ਼ਾ ਕੀਤਾ।ਸਭਾ ਦੇ ਸੱਦੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ, ਲੋਕ ਗਾਇਕ ਯਮਲਾ ਜੱਟ ਜੀ ਦੇ ਸ਼ਾਗਿਰਦ, ਮਚਲਾ ਜੱਟ (ਬਲਜਿੰਦਰ ਪਾਲ ਧਾਮੀ), ਨੇ ਆਪਣੀ ਤੂੰਬੀ ਦਾ ਕਮਾਲ ਵਿਖਾਉਦਿਆਂ ਕਈ ਮਸ਼ਹੂਰ ਗੀਤ- ਜੰਗਲ ਦੇ ਵਿੱਚ ਖੂਹਾ ਲਵਾ ਦੇ, ਜਿੰਦੂਆ, ਤੇਰੇ ਨੀ ਕਰਾਰਾਂ….., ਅਤੇ ਇਕ ਰੁਬਾਈ ਦੇ ਨਾਲ ਸੱਭ ਨੂੰ ਮੰਤਰ ਮੁਗਧ ਕਰ ਦਿੱਤਾ, ਢੋਲਕੀ ਤੇ ਸਾਥ ਬਲਕਾਰ ਸਿੰਘ ਨੇ ਦਿੱਤਾ।ਸਟੇਜ ਸਕੱਤਰ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਉਦਿਆਂ ਡਾ.ਸੁਖਵੀਰ ਸਿੰਘ ਬੀਹਲਾ ਜੀ ਨੇ ਸਮੇਂ ਸਮੇਂ ਲੋੜ ਮੁਤਾਬਿਕ ਸਾਹਿਤਕ ਅਤੇ ਕਾਵਿਕ ਸ਼ਬਦਾਂ, ਨਜ਼ਮਾਂ ਨਾਲ ਸਮਾਗਮ ਦੀ ਰੌਚਕਿਤਾ ਨੂੰ ਕਾਇਮ ਰੱਖਿਆ।
ਕਵੀ ਦਰਬਾਰ ਵਿੱਚ ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ,ਅਵਤਾਰ ਸਿੰਘ ਆਦਮਪੁਰੀ,ਵਾਸਦੇਵ ਸਿੰਘ ਪਰਹਾਰ, ਹਰਦਿਆਲ ਸਿੰਘ ਚੀਮਾ,ਹਰਪਾਲ ਸਿੰਘ ਸਿੱਧੂ,ਬਲਿਹਾਰ ਲੇਹਲ,ਹਰਸ਼ਿੰਦਰ ਸਿੰਘ ਸੰਧੂ, ਮੰਗਤ ਕੁਲਜਿੰਦ, ਸਾਧੂ ਸਿੰਘ ਝੱਜ, ਜੀਤਾ ਉਪਲ, ਦਲਜੀਤ ਕੌਰ ਚੀਮਾ, ਗੁਰਪ੍ਰੀਤ ਸਿੰਘ ਸੋਹਲ, ਮਨਜੀਤ ਕੌਰ ਗਿੱਲ, ਜਸਵੀਰ ਕੌਰ,ਕਰਨੈਲ ਸਿੰਘ ਕੈਲ, ਸੁਰਜੀਤ ਸਿੰਘ ਸਿੱਧੂ ਆਦਿ ਨੇ ,ਸਮਾਜਿਕ, ਸੱਭਿਆਚਾਰਕ,ਸਦਾਚਾਰਕ, ਪਰਿਵਾਰਿਕ ਅਤੇ ਰਾਜਨੀਤਕ ਵਿਸ਼ਿਆਂ ਉਪਰ ਆਪਣੇ ਗੀਤ ਕਵਿਤਾਵਾਂ ਪੇਸ਼ ਕੀਤੀਆਂ ਜਿਹਨਾਂ ਵਿੱਚ ਕਿਤੇ ਹਾਸਿਆਂ ਦਾ ਭੰਡਾਰ ਸੀ ਕਿਤੇ ਸੰਜੀਦਗੀ ਸੀ, ਕਿਤੇ ਤਰੰਨਮ ਸੀ ਕਿਤੇ ਤਾਲਬੱਧ ਉਚਾਰਣ ਸੀ।ਸਾਰੇ ਪ੍ਰੋਗਰਾਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਕੇ ਧਰਤੀ ਦੇ ਕੋਨੇ ਕੋਨੇ ਤੇ ਪਹੁੰਚਾਉਣ ਦਾ ਤਨਦੇਹੀ ਨਾਲ ਕਾਰਜ ਕਰਦੇ ਸਿਮਰਨ ਸਿੰਘ ਜੀ ਨੇ ਇਸ ਵਾਰ ਵੀ ‘ਸਾਡਾ ਟੀ.ਵੀ.’ ਅਤੇ ‘ਸਾਡਾ ਰੇਡੀਓ’ ਦੀਆਂ ਸੇਵਾਵਾਂ ਨੂੰ ਹਾਜ਼ਰ ਰੱਖਿਆ। ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਅਤੇ ਸਭਾ ਦੇ ਲੇਖਕਾਂ ਦੀਆਂ ਛਪੀਆਂ ਕਿਤਾਬਾਂ ਦਾ ਸੈਟ ਸਮੇਤ ਸ਼ਬਦ ਤ੍ਰਿੰਜਣ ਮੈਗਜ਼ੀਨ,ਦੇ ਕੇ ਸਨਮਾਨਿਤ ਕੀਤਾ ਗਿਆ।
ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਦੀ ਲੋੜ ਮੁਤਾਬਿਕ ਸਹਾਇਤਾ ਕਰਨ ਦੇ ਸਭਾ ਦੇ ਉਦੇਸ਼ ਤਹਿਤ, ਪੰਜਾਬ ਵੱਸਦੀ ਪੰਜਾਬੀ ਦੀ ਉਭਰਦੀ ਲੇਖਿਕਾ ਰਾਜ ਕੌਰ ਦੀ ਨਵੀਂ ਛਪੀ ਕਾਵਿ-ਪੁਸਤਕ ‘ਪੈਗੰਬਰਾਂ ਦੇ ਬੂਹੇ’ ਨੂੰ ਲੋਕ ਅਰਪਣ ਕੀਤਾ ਗਿਆ।ਮਾਤਾ ਗਿਆਨ ਕੌਰ ਜੀ, ਸਭਾ ਦੇ ਖਜ਼ਾਨਚੀ ਪ੍ਰਿਤਪਾਲ ਸਿੰਘ ਟੀਵਾਣਾ, ਸ਼ਾਨ ਗਿੱਲ ਕੈਨੇਡਾ, ਭਜਨ ਕੌਰ ਧਾਲੀਵਾਲ(ਸੁਪਤਨੀ ਮਹਿੰਦਰਪਾਲ ਸਿੰਘ ਧਾਲੀਵਾਲ),ਸਰਬਜੀਤ ਕੌਰ ਪਾਲ (ਸੁਪਤਨੀ ਮਹਿੰਦਰਪਾਲ ਸਿੰਘ ਪਾਲ), ਨਵੀਨ ਰਾਏ, ਜਸਵਿੰਦਰ ਲੇਹਲ, ਮਲਕੀਤ ਕੌਰ,ਕਰਮਜੀਤ ਕੌਰ, ਸੁਰਿੰਦਰ ਕੌਰ, ਮਨਵੀਰ ਕੌਰ,ਗੁਰਸ਼ੇਰ ਸਿੰਘ,ਜਸਮਨ ਕੌਰ ਰੰਧਾਵਾ, ਗੁਰਬਿੰਦਰ ਸਿੰਘ ਅਤੇ ਨੰਨ੍ਹੀ-ਪਿਆਰੀ ਬੱਚੀ ਰੂਹਾਨੀ ਕੌਰ ਅੱਜ ਦੇ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ। ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਬਲਿਹਾਰ ਲੇਹਲ ਨੇ ਸਮਾਗਮ ਦਾ ਹਿੱਸਾ ਬਣੇ ਸਾਰੇ ਦਰਸ਼ਕਾਂ-ਸਰੋਤਿਆਂ ਅਤੇ ਪ੍ਰੋਗਰਾਮ ਦੀ ਕਾਮਯਾਬੀ ਲਈ ਯਤਨ ਕਰ ਰਹੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਅਦਬੀ ਸ਼ਬਦਾਂ ਨਾਲ ਧੰਨਵਾਦ ਕੀਤਾ।ਪੰਜਾਬੀ ਲਿਖਾਰੀ ਸਭਾ ਵੱਲੋਂ ਅਵਤਾਰ ਸਿੰਘ ਆਦਮਪੁਰੀ ਜੀ ਦੀਆਂ ਸੇਵਾਵਾਂ ਲਈ ਧੰਨਵਾਦ ਕਰਦਿਆਂ ਉਹਨਾਂ ਨੂੰ ਨਵੇਂ ਘਰ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।

Leave a comment