ਨਰੈਣਗੜ੍ਹ, 4 ਅਗਸਤ (ਪੰਜਾਬ ਮੇਲ)- ਇੱਥੋਂ ਨੇੜਲੇ ਪਿੰਡ ਨਰੈਣਗੜ੍ਹ ਨਾਲ ਸਬੰਧਤ ਆਸਟਰੇਲੀਆ ਦੇ ਐਂਡੀਲੈਂਡ ਸ਼ਹਿਰ ਵਿੱਚ ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਜਿਉਂਦਿਆਂ ਮਿੱਟੀ ’ਚ ਦੱਬ ਕੇ ਮਾਰਨ ਵਾਲ਼ੇ ਖੰਨਾ ਨੇੜਲ਼ੇ ਵਾਸੀ ਤਾਰਿਕਜੋਤ ਸਿੰਘ ਧਾਲੀਵਾਲ ਨੂੰ ਸਾਊਥ ਆਸਟਰੇਲੀਆ ਦੀ ਅਦਾਲਤ ਵੱਲੋਂ 22 ਸਾਲ 10 ਮਹੀਨੇ ਦੀ ਕੈਦ ਸੁਣਾਈ ਗਈ ਹੈ, ਜਿਸ ਮਗਰੋਂ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ। ਸਜ਼ਾ ਸੁਣਾਉਣ ਦੇ ਫੈਸਲੇ ਮੌਕੇ ਮ੍ਰਿਤਕਾ ਕੁੜੀ ਦੀ ਮਾਂ ਰਛਪਾਲ ਕੌਰ ਅਦਾਲਤ ’ਚ ਹਾਜ਼ਰ ਸੀ।
ਇੱਥੇ ਦੱਸਣਯੋਗ ਹੈ ਕਿ 20 ਸਾਲ ਦੇ ਇਸ ਕਾਤਲ ਮੁੰਡੇ ਨਾਲ਼ੋੰ ਕੁੜੀ ਨੇ ਆਪਣਾ ਸੰਪਰਕ ਤੋੜ ਲਿਆ ਸੀ ਪਰ ਧੱਕੇ ਵਾਲ਼ੀ ਬਿਰਤੀ ਨਾਲ ਇਹ ਉਸ ਦਾ ਪਿੱਛਾ ਕਰਦਾ ਰਿਹਾ। ਜੈਸਮੀਨ ਕੌਰ ਨੇ ਆਸਟਰੇਲੀਆ ਦੀ ਐਂਡੀਲੈਂਡ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਇਸੇ ਦੌਰਾਨ 5 ਮਾਰਚ 2021 ਨੂੰ ਕੰਮ ’ਤੇ ਗਈ ਜੈਸਮੀਨ ਕੌਰ ਨੂੰ ਤਾਰਿਕਜੋਤ ਸਿੰਘ ਨੇ ਅਗਵਾ ਕਰਕੇ ਉਸ ਦੇ ਹੱਥ ਪੈਰ ਬੰਨ੍ਹ ਕੇ ਗੱਡੀ ’ਚ ਸੁੱਟ ਲਿਆ ਅਤੇ ਸ਼ਹਿਰ ਤੋਂ 400 ਕਿਲੋਮੀਟਰ ਦੂਰ ਬੀਆਬਾਨ ਉਜਾੜ ’ਚ ਕਬਰ ਪੁੱਟ ਕੇ ਜ਼ਿੰਦਾ ਹੀ ਦੱਬ ਦਿੱਤਾ।