#PUNJAB

ਪੰਚਾਇਤੀ ਚੋਣਾਂ: ਪੰਚਾਇਤਾਂ ਭੰਗ ਹੋਣ ਮਗਰੋਂ ਪਿੰਡਾਂ ‘ਚ ਬਦਲਿਆ ਸਿਆਸੀ ਮਾਹੌਲ

-ਪੰਚਾਇਤੀ ਚੋਣਾਂ ਲਈ ਸਿਆਸੀ ਧਿਰਾਂ ਵੱਲੋਂ ਗਤੀਵਿਧੀਆਂ ਸ਼ੁਰੂ
ਮੋਗਾ, 28 ਅਗਸਤ (ਪੰਜਾਬ ਮੇਲ)- ਸੂਬੇ ‘ਚ ਪੰਚਾਇਤਾਂ ਭੰਗ ਹੋਣ ਮਗਰੋਂ ਪਿੰਡਾਂ ਵਿਚ ਸਿਆਸੀ ਮਾਹੌਲ ਬਦਲ ਗਿਆ ਹੈ। ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਨੇ ਸਿਆਸੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡਾਂ ਵਿਚ ਭਾਜਪਾ ਵੱਲੋਂ ਵੀ ਵੋਟਰ ਕਾਡਰ ਕਾਇਮ ਕਰਨ ਨਾਲ ਇਸ ਵਾਰ ਪੰਚਾਇਤੀ ਸੰਸਥਾਵਾਂ ਚੋਣਾਂ ਵਿਚ ਚਹੁੰਕੋਣੇ ਮੁਕਾਬਲੇ ਬਣਨ ਦੇ ਆਸਾਰ ਹਨ। ਸੂਬੇ ਵਿਚ ‘ਆਪ’ ਸਰਕਾਰ ਆਉਣ ਮਗਰੋਂ ਪੰਚਾਇਤੀ ਚੋਣਾਂ ‘ਚ ਵੀ ਬਦਲਾਅ ਆਉਣ ਦੀ ਸੰਭਾਵਨਾ ਹੈ।
ਹਾਕਮ ਧਿਰ ਵੱਲੋਂ ਉਮੀਦਵਾਰ ਬਣਨ ਲਈ ਆਗੂਆਂ ਦੀ ਲੰਮੀ ਕਤਾਰ ਦਿਖਾਈ ਦੇ ਰਹੀ ਹੈ। ਜਿੱਥੇ ਹਾਕਮ ਧਿਰ ਦੇ ਨਵੇਂ ਤੇ ਪੁਰਾਣੇ ਆਗੂਆਂ ਵਿਚਾਲੇ ਖਿੱਚੋਤਾਣ ਦਾ ਮਾਹੌਲ ਬਣਦਾ ਜਾ ਰਿਹਾ ਹੈ, ਉਥੇ ਹੀ ਰਵਾਇਤੀ ਪਾਰਟੀਆਂ ਨਿਰਵਿਵਾਦ ਉਮੀਦਵਾਰਾਂ ਦੀ ਭਾਲ ‘ਚ ਹਨ। ਸੂਬੇ ਵਿਚ ਇਹ ਚੋਣਾਂ ਜਿੱਥੇ ਸੱਤਾ ਤਬਦੀਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਲਈ ਪੈਰ ਜਮਾਉਣ ਲਈ ਚੁਣੌਤੀ ਅਤੇ ਅਗਨੀ ਪ੍ਰੀਖਿਆ ਹੋਣਗੀਆਂ, ਉਥੇ ਹੀ ਹਾਕਮ ਧਿਰ ਦੀ ਵੀ ਇਨ੍ਹਾਂ ਚੋਣਾਂ ਵਿਚ ਪਰਖ ਹੋਵੇਗੀ ਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਜਾਂ ਨਹੀਂ।
ਹਾਕਮ ਧਿਰ ਵੱਲੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ‘ਆਪ’ ਨੇ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਨਾਅਰਾ ਦੇ ਕੇ ਪੰਚਾਇਤੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ‘ਆਪ’ ਨੇ ਪੰਜਾਬ ਦੇ ਭਲੇ ਲਈ ਪੰਚਾਇਤੀ ਚੋਣਾਂ ਸਰਬਸੰਮਤੀ ਨਾਲ ਕਰਵਾਉਣ ਦੀ ਮੁਹਿੰਮ ਚਲਾਈ ਹੈ, ਜਿਸ ਤਹਿਤ ਪਾਰਟੀ ਪਿੰਡਾਂ ਵਿਚਲੀਆਂ ਧੜੇਬੰਦੀਆਂ ਨੂੰ ਛੱਡ ਕੇ ਆਪਸੀ ਸਹਿਮਤੀ ਨਾਲ ਚੋਣਾਂ ਲੜਨ ਲਈ ਲੋਕਾਂ ਨੂੰ ਜਾਗਰੂਕ ਕਰੇਗੀ। ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਧਰਮਕੋਟ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਮੋਗਾ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਚਾਇਤੀ ਸੰਸਥਾਵਾਂ ਦਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰਨ ਕਾਰਨ ਪੰਚਾਂ-ਸਰਪੰਚਾਂ ‘ਚ ਰੋਸ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਨੂੰ ਇਹ ਚੋਣਾਂ ਪਾਰਦਰਸ਼ੀ, ਨਿਰਪੱਖ ਤੇ ਅਜ਼ਾਦਾਨਾ ਢੰਗ ਨਾਲ ਕਰਵਾਉਣੀਆਂ ਚਾਹੀਦੀਆਂ ਹਨ।

Leave a comment