#EUROPE

ਪ੍ਰਿੰਸ ਹੈਰੀ ਅਤੇ ਮੇਗਨ ਨੂੰ ਸ਼ਾਹੀ ਮਹਿਲ ਵਿੰਡਸਰ ਅਸਟੇਟ ਤੋਂ ਕੀਤਾ ਬੇਦਖਲ

ਲੰਡਨ, 2 ਮਾਰਚ (ਪੰਜਾਬ ਮੇਲ)- ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੂੰ ਬ੍ਰਿਟੇਨ ਦੇ ਸ਼ਾਹੀ ਮਹਿਲ ਵਿੰਡਸਰ ਅਸਟੇਟ ਤੋਂ ਬੇਦਖਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ। ਹੁਣ ਪ੍ਰਿੰਸ ਹੈਰੀ ਦਾ ਬ੍ਰਿਟੇਨ ਵਿਚ ਕੋਈ ਟਿਕਾਣਾ ਨਹੀਂ ਬਚਿਆ। ਫਿਲਹਾਲ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਇਸ ਸਮੇਂ ਅਮਰੀਕਾ ਵਿਚ ਰਹਿ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿੰਡਸਰ ਅਸਟੇਟ ਵਿਚ ਸਥਿਤ ਫਰੋਗਮੋਰ ਕਾਟੇਜ ਨੂੰ ਮਰਹੂਮ ਮਹਾਰਾਣੀ ਐਲਿਜ਼ਾਬੇਥ-2 ਨੇ ਪ੍ਰਿੰਸ ਹੈਰੀ ਨੂੰ ਵਿਆਹ ਦੇ ਤੋਹਫੇ ਵਜੋਂ ਦਿੱਤਾ ਸੀ।
ਫਰੋਗਮੋਰ ਕਾਟੇਜ ਦੇ ਪੁਨਰ ਨਿਰਮਾਣ ‘ਤੇ 2.4 ਮਿਲੀਅਨ ਪੌਂਡ ਖਰਚ ਕੀਤੇ ਗਏ ਸਨ। ਬ੍ਰਿਟਿਸ਼ ਮੀਡੀਆ ਮੁਤਾਬਕ ਹੁਣ ਇਹ ਮਹਿਲ ਪ੍ਰਿੰਸ ਐਂਡਰਿਊ ਨੂੰ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਪ੍ਰਿੰਸ ਐਂਡਰਿਊ ਦੀ ਮਿਲਣ ਵਾਲੀ ਸਾਲਾਨਾ ਗ੍ਰਾਂਟ ਵਿਚ 250,000 ਪੌਂਡ ਦੀ ਕਟੌਤੀ ਕੀਤੀ ਜਾ ਸਕਦੀ ਹੈ, ਜਿਸ ਕਾਰਨ ਪ੍ਰਿੰਸ ਐਂਡਰਿਊ ਨੂੰ ਆਪਣੇ ਮੌਜੂਦਾ 30 ਕਮਰਿਆਂ ਵਾਲੇ ਰਾਇਲ ਲਾਜ ‘ਚ ਜਾਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਸਸੈਕਸ ਦੇ ਡਿਊਕ ਅਤੇ ਡਚੇਸ, ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੂੰ ਜਨਵਰੀ ਵਿਚ ਹੀ ਮਹਿਲ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸ ਦੇਈਏ ਕਿ ਪ੍ਰਿੰਸ ਹੈਰੀ ਆਪਣੀ ਪਤਨੀ ਮੇਗਨ ਨਾਲ ਸਾਲ 2020 ਵਿਚ ਅਮਰੀਕਾ ਦੇ ਕੈਲੀਫੋਰਨੀਆ ਵਿਚ ਸ਼ਿਫਟ ਹੋ ਗਏ ਸਨ ਅਤੇ ਉਨ੍ਹਾਂ ਨੇ ਸ਼ਾਹੀ ਰੁਤਬਾ ਵੀ ਛੱਡ ਦਿੱਤਾ ਸੀ। ਪ੍ਰਿੰਸ ਹੈਰੀ ਅਤੇ ਉਸਦੀ ਪਤਨੀ ਮੇਗਨ ਫਿਰ ਇਕ ਨੈੱਟਫਲਿਕਸ ਦਸਤਾਵੇਜ਼ੀ ਵਿਚ ਦਿਖਾਈ ਦਿੱਤੇ। ਇਸ ਡਾਕੂਮੈਂਟਰੀ ‘ਚ ਪ੍ਰਿੰਸ ਹੈਰੀ ਨੇ ਰਾਜਸ਼ਾਹੀ ਨੂੰ ਲੈ ਕੇ ਕਈ ਖੁਲਾਸੇ ਕੀਤੇ, ਜਿਸ ਕਾਰਨ ਕਾਫੀ ਹੰਗਾਮਾ ਹੋਇਆ। ਪਿਛਲੇ ਦਿਨੀਂ ਪ੍ਰਿੰਸ ਹੈਰੀ ਦੀ ਜੀਵਨੀ ਸਪੇਅਰ ਮਾਰਕੀਟ ਵਿਚ ਆਈ ਸੀ। ਇਸ ਕਿਤਾਬ ਦੀਆਂ ਰਿਕਾਰਡ ਕਾਪੀਆਂ ਵਿਕ ਚੁੱਕੀਆਂ ਹਨ ਪਰ ਇਸ ਕਿਤਾਬ ‘ਚ ਪ੍ਰਿੰਸ ਹੈਰੀ ਨੇ ਕਈ ਅਜਿਹੇ ਖੁਲਾਸੇ ਕੀਤੇ, ਜਿਸ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ। ਬਕਿੰਘਮ ਪੈਲੇਸ ਨੇ ਅਜੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪ੍ਰਿੰਸ ਹੈਰੀ ਦੇ ਪੱਖ ਤੋਂ ਵੀ ਇਸ ਮਾਮਲੇ ‘ਤੇ ਕੁਝ ਨਹੀਂ ਕਿਹਾ ਗਿਆ ਹੈ।

Leave a comment