#AMERICA

ਪ੍ਰਸਿੱਧ ਅਮਰੀਕੀ ਅਦਾਕਾਰ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ ਦੋਹਰੇ ਕਤਲ ਮਾਮਲੇ ‘ਚ ਗ੍ਰਿਫਤਾਰ

ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪ੍ਰਸਿੱਧ ਅਦਾਕਾਰ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ ਨੂੰ ਨਿਊਯਾਰਕ ਵਿਚ ਦੂਸਰਾ ਦਰਜਾ ਹੱਤਿਆਵਾਂ ਤੇ ਅਗਜ਼ਨੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਕੁਈਨਜ਼ ਵਿਚ ਵਾਪਰੀ ਅਗਜ਼ਨੀ ਦੀ ਘਟਨਾ ਵਿਚ ਆਲੀਆ ਦੇ ਸਾਬਕਾ ਦੋਸਤ ਐਡਵਰਡ ਜੈਕੋਬਸ (35) ਤੇ ਜੈਕੋਬਸ ਦੇ ਮਿੱਤਰ ਅਨਾਸਟਾਸੀਆ ਈਟੀਨ (33) ਦੀ ਮੌਤ ਹੋ ਗਈ ਸੀ। ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਟਜ਼ ਅਨੁਸਾਰ 2 ਨਵੰਬਰ ਦੀ ਸਵੇਰ ਨੂੰ ਫਾਖਰੀ (43) ਦੋ ਮੰਜਿਲਾ ਗੈਰਾਜ ਵਿਖੇ ਪੁੱਜੀ ਤੇ ਉਸ ਨੇ ਕਥਿਤ ਤੌਰ ‘ਤੇ ਇਮਾਰਤ ਨੂੰ ਅੱਗ ਲਾ ਦਿੱਤੀ। ਜੈਕੋਬ ਉਸ ਸਮੇਂ ਉਪਰਲੀ ਮੰਜ਼ਿਲ ‘ਤੇ ਸੁੱਤਾ ਪਿਆ ਸੀ। ਈਟੀਨ ਨੂੰ ਅੱਗ ਲੱਗਣ ਬਾਰੇ ਪਤਾ ਲੱਗਣ ‘ਤੇ ਆਪਣੇ ਆਪ ਅਤੇ ਜੈਕੋਬ ਨੂੰ ਬਚਾਉਣ ਦਾ ਯਤਨ ਕੀਤਾ ਪਰੰਤੂ ਉਹ ਦੋਨੋਂ ਸਾਹ ਘੁੱਟਣ ਕਾਰਨ ਮਾਰੇ ਗਏ। ਇਕ ਗਵਾਹ ਅਨੁਸਾਰ ਫਾਖਰੀ ਨੇ ਘਟਨਾ ਤੋਂ ਪਹਿਲਾਂ ਜੈਕੋਬ ਦੇ ਘਰ ਨੂੰ ਅੱਗ ਲਾ ਦੇਣ ਦੀ ਧਮਕੀ ਦਿੱਤੀ ਸੀ। ਜੈਕੋਬ ਨੇ ਤਕਰੀਬਨ ਇਕ ਸਾਲ ਪਹਿਲਾਂ ਆਲੀਆ ਫਾਖਰੀ ਨਾਲੋਂ ਸਬੰਧ ਤੋੜ ਲਏ ਸਨ, ਜਿਸ ਕਾਰਨ ਫਾਖਰੀ ਪ੍ਰੇਸ਼ਾਨ ਤੇ ਦੁੱਖੀ ਸੀ। ਇਸ ਸਮੇਂ ਫਾਖਰੀ ਪੁਲਿਸ ਹਿਰਾਸਤ ਵਿਚ ਹੈ। ਅਦਾਲਤ ਵਿਚ ਉਸ ਨੂੰ 9 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ। ਅਦਾਕਾਰ ਨਰਗਿਸ ਫਾਖਰੀ ਨੇ ਮਾਮਲੇ ‘ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਆਲੀਆ ਫਾਖਰੀ ਦੀ ਮਾਂ ਨੇ ਆਪਣੀ ਧੀ ਨੂੰ ਨਿਰਦੋਸ਼ ਦੱਸਿਆ ਹੈ।