#AMERICA

ਪ੍ਰਵਾਸੀਆਂ ਦਾ ਕਤਲਗਾਹ ਬਣ ਗਿਆ ਹੈ ਮੈਕਸੀਕੋ

ਮੈਕਸੀਕੋ, 2 ਅਗਸਤ (ਪੰਜਾਬ ਮੇਲ)- ਮੈਕਸੀਕੋ ਤੋਂ ਅਮਰੀਕਾ ‘ਚ ਗੈਰ ਕਾਨੂੰਨੀ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਜਿੱਥੇ ਅਮਰੀਕਾ ਸਰਕਾਰ ਨੇ ਸਖਤੀ ਕੀਤੀ ਹੈ, ਉਥੇ ਮੈਕਸੀਕੋ ਵਿਚ ਉਨ੍ਹਾਂ ਨੂੰ ਲੁੱਟ-ਖਸੁੱਟ ਕੀਤੀ ਜਾ ਰਹੀ ਹੈ, ਇਸ ਦੇ ਨਾਲ-ਨਾਲ ਉਥੇ ਉਨ੍ਹਾਂ ਦੇ ਕਤਲ ਹੋਣ ਦੀਆਂ ਵੀ ਸੂਚਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਸਮੇਂ ਦੌਰਾਨ 8 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਲਾਸ਼ਾਂ ਦੱਖਣੀ ਜੁਆਰੇਜ਼ ਤੋਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪ੍ਰਵਾਸੀਆਂ ਦੀਆਂ ਗਲ਼ਾ ਘੁੱਟ ਕੇ ਹੱਤਿਆਵਾਂ ਕੀਤੀਆਂ ਗਈਆਂ ਹਨ। ਇਕ ਜੁਆਰੇਜ਼ ਇੰਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਰਟੀ ਦੀ ਮੰਗ ਕਰਨ ਲਈ ਕਿਹਾ ਜਾਂਦਾ ਹੈ। ਫਿਰੌਤੀ ਦਾ ਭੁਗਤਾਨ ਨਾ ਹੋਣ ‘ਤੇ ਇਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਜੁਆਰੇਜ਼ ‘ਚ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਵਾਸੀਆਂ ਕੋਲ ਕੋਈ ਦਸਤਾਵੇਜ਼ ਨਾ ਹੋਣ ਕਾਰਨ ਮਰਨ ਉਪਰੰਤ ਇਨ੍ਹਾਂ ਦੀ ਨਾਗਰਿਕਤਾ ਦਾ ਪਤਾ ਨਹੀਂ ਲੱਗ ਸਕਦਾ। ਇਹ ਵੀ ਦੱਸਿਆ ਜਾਂਦਾ ਹੈ ਕਿ ਕੁੱਝ ਪੀੜਤਾਂ ਦੇ ਰਿਸ਼ਤੇਦਾਰਾਂ ਨੇ 15 ਹਜ਼ਾਰ ਡਾਲਰ ਤੱਕ ਦੀ ਫਿਰੌਤੀ ਵੀ ਅਦਾ ਕਰ ਦਿੱਤੀ ਸੀ, ਪਰ ਫਿਰ ਵੀ ਅਗਵਾਕਾਰਾਂ ਨੇ ਉਨ੍ਹਾਂ ਪ੍ਰਵਾਸੀਆਂ ਨੂੰ ਮਾਰ ਦਿੱਤਾ।

Leave a comment