15.5 C
Sacramento
Monday, September 25, 2023
spot_img

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)- ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਕੀਤੇ ਬਾਈਕਾਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਧਾਰਮਿਕ ਰਹੁ-ਰੀਤਾਂ ਨਾਲ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਤਾਮਿਲ ਨਾਡੂ ਤੋਂ ਵਿਸ਼ੇਸ਼ ਤੌਰ ’ਤੇ ਆਏ ‘ਅਧਿਨਾਮਾਂ’ ਦੇ ਆਸ਼ੀਰਵਾਦ ਨਾਲ ਸ੍ਰੀ ਮੋਦੀ ਨੇ ਇਤਿਹਾਸਕ ਸੇਂਗੋਲ ਨੂੰ ਲੋਕ ਸਭਾ ਚੈਂਬਰ ਵਿੱਚ ਸਪੀਕਰ ਦੇ ਆਸਨ ਨਾਲ ਸਥਾਪਿਤ ਕੀਤਾ। ਇਸ ਦੌਰਾਨ ਉਦਘਾਟਨ ਸਮਾਗਮ ਦੇ ਦੂਜੇ ਪੜਾਅ ਤਹਿਤ ਨਵੀਂ ਸੰਸਦੀ ਇਮਾਰਤ ਦੇ ਹੇਠਲੇ ਸਦਨ ’ਚ ਜੁੜੇ ਦੋਵਾਂ ਸਦਨਾਂ ਦੇ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀਂ’ ਪਲ ਹੈ। ਉਨ੍ਹਾਂ ਨਵੀਂ ਸੰਸਦ ਨੂੰ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫ਼ਨਿਆਂ ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਕਿਹਾ ਕਿ ਇਹ ਆਤਮ-ਨਿਰਭਰ ਤੇ ਵਿਕਸਤ ਭਾਰਤ ਦਾ ਨਵਾਂ ਸਵੇਰਾ ਹੈ, ਜੋ ਹੋਰਨਾਂ ਮੁਲਕਾਂ ਦੀ ਤਰੱਕੀ ਦਾ ਵੀ ਪ੍ਰੇਰਨਾ ਸਰੋਤ ਬਣੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸੰਸਦ ਤੋਂ ਨਵੇਂ ਟੀਚੇ ਹਾਸਲ ਕਰਨ ਲਈ ‘ਨਵੇਂ ਭਾਰਤ’ ਦੀਆਂ ਇੱਛਾਵਾਂ ਤੇ ਸੰਕਲਪ ਸ਼ਕਤੀ ਝਲਕਦੀ ਹੈ। ਆਉਣ ਵਾਲੇ ਸਮੇਂ ਤੇ 2026 ਮਗਰੋਂ ਕੀਤੀ ਜਾਣ ਵਾਲੀ ਹੱਦਬੰਦੀ ਦੇ ਮੱਦੇਨਜ਼ਰ ਸੰਸਦ ਵਿੱਚ ਮੈਂਬਰਾਂ ਦੀ ਗਿਣਤੀ ਵਧ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯਾਦਗਾਰੀ ਡਾਕ ਟਿਕਟ ਤੇ 75 ਰੁਪਏ ਦਾ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਪਹਿਲਾਂ ਮੰਤਰਾਂ ਦੇ ਉਚਾਰਣ ਦਰਮਿਆਨ ਹੇਠਲੇ ਸਦਨ ਵਿੱਚ ਸੇਂਗੋਲ ਸਥਾਪਿਤ ਕਰਨ ਦੀ ਰਸਮ ਮੌਕੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਐੱਸ.ਜੈਸ਼ੰਕਰ, ਅਸ਼ਵਨੀ ਵੈਸ਼ਨਵ, ਮਨਸੁਖ ਮਾਂਡਵੀਆ ਤੇ ਜੀਤੇਂਦਰ ਸਿੰਘ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਅਸਾਮ ਦੇ ਉਨ੍ਹਾਂ ਦੇ ਹਮਰੁਤਬਾ ਹਿਮੰਤ ਬਿਸਵਾ ਸਰਮਾ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਸਣੇ ਹੋਰ ਆਗੂ ਮੌਜੂਦ ਸਨ। ਸ੍ਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਕੁਝ ਵਰਕਰਾਂ ਨੂੰ ਸ਼ਾਲ ਤੇ ਸੋਵੀਨਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ ਵੱਖ ਧਰਮਾਂ ਦੀ ਪ੍ਰਾਰਥਨਾ ਸਭਾ ਵੀ ਕਰਵਾਈ ਗਈ। ਸ੍ਰੀ ਮੋਦੀ ਨੇ ਸੇਂਗੋਲ ਨੂੰ ਲੇਟ ਕੇ ਪ੍ਰਣਾਮ ਕੀਤਾ। ਮਗਰੋਂ ਮੰਤਰਾਂ ਦੇ ਉਚਾਰਨ ਦਰਮਿਆਨ ਸ੍ਰੀ ਮੋਦੀ ‘ਸੇਂਗੋਲ’ ਹੱਥ ਵਿੱਚ ਫੜ੍ਹ ਕੇ ਨਵੀਂ ਲੋਕ ਸਭਾ ਪਹੁੰਚੇ, ਜਿੱਥੇ ਅਧਿਨਾਮਾਂ ਦੀ ਹਾਜ਼ਰੀ ਵਿੱਚ ਸੇਂਗੋਲ ਨੂੰ ਸਪੀਕਰ ਦੀ ਚੇਅਰ ਨੇੜੇ ਸਥਾਪਿਤ ਕੀਤਾ। ਇਹ ਰਸਮ ਨਿਭਾਉਣ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।  ਨਵੇਂ ਸੰਸਦ ਭਵਨ ਦੇ ਰਸਮੀ ਉਦਘਾਟਨ ਮਗਰੋਂ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਨਵੀਂ ਸੰਸਦ ਵਿੱਚ ਲਿਆ ਜਾਣ ਵਾਲਾ ਹਰੇਕ ਫੈਸਲਾ ਭਾਰਤ ਦੇ ਸ਼ਾਨਦਾਰ ਭਵਿੱਖ ਦੀ ਨੀਂਹ ਰੱਖੇਗਾ…ਗਰੀਬਾਂ, ਦਲਿਤਾਂ, ਪੱਛੜਿਆਂ, ਆਦਿਵਾਸੀਆਂ, ਦਿਵਿਆਂਗਾਂ ਤੇ ਹਾਸ਼ੀਏ ’ਤੇ ਧੱਕੇ ਹੋਰਨਾਂ ਵਰਗਾਂ ਨੂੰ ਸਸ਼ਕਤ ਬਣਾਉਣ ਦਾ ਰਾਹ ਇਥੋਂ ਹੋ ਕੇ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਸੰਸਦੀ ਇਮਾਰਤ ਦੀ ਹਰੇਕ ਇੱਟ ਤੇ ਕੰਧ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਹੋਣੀ ਚਾਹੀਦੀ ਹੈ।’’

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles