#INDIA

ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਸਬੰਧੀ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਤੋਂ ਹੈਰਾਨ : ਕੇਜਰੀਵਾਲ

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਲੋਕ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਿਆ ਯੋਗਤਾ ਬਾਰੇ ਜਾਣਨ ਦਾ ਅਧਿਕਾਰ ਹੈ, ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਤੋਂ ਹੈਰਾਨ ਹਨ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਗੁਜਰਾਤ ਹਾਈ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਵੱਲੋਂ ਗੁਜਰਾਤ ਯੂਨੀਵਰਸਿਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਣਕਾਰੀ ਦੇਣ ਸਬੰਧੀ ਸੱਤ ਸਾਲ ਪੁਰਾਣੇ ਹੁਕਮਾਂ ਨੂੰ ਖਾਰਜ ਕਰ ਦਿੱਤਾ ਸੀ। ਕੇਜਰੀਵਾਲ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਪੂਰਾ ਦੇਸ਼ ਹਾਈ ਕੋਰਟ ਦੇ ਹੁਕਮਾਂ ਤੋਂ ਹੈਰਾਨ ਹੈ ਕਿਉਂਕਿ ਇੱਕ ਜਮਹੂਰੀਅਤ ਵਿਚ ਸੂਚਨਾ ਲੈਣ ਅਤੇ ਸਵਾਲ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।” ਉਨ੍ਹਾਂ ਕਥਿਤ ਦੋਸ਼ ਲਾਇਆ ਕਿ, ”ਹਾਈ ਕੋਰਟ ਦੇ ਹੁਕਮਾਂ ਨੇ ਪ੍ਰਧਾਨ ਮੰਤਰੀ ਦੀ ਸਿੱਖਿਆ ਯੋਗਤਾ ਬਾਰੇ ਸ਼ੱਕ ਹੋਰ ਵਧਾ ਦਿੱਤਾ ਹੈ।” ਦਿੱਲੀ ਦੇ ਮੁੱਖ ਮੰਤਰੀ ਨੇ ਆਖਿਆ ਕਿ ਜੇਕਰ ਪ੍ਰਧਾਨ ਮੰਤਰੀ ਨੇ ਗੁਜਰਾਤ ਯੂਨੀਵਰਸਿਟੀ ਜਾਂ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ, ਤਾਂ ਉਨ੍ਹਾਂ ਨੂੰ ਜਾਣਕਾਰੀ ਲੁਕਾਉਣ ਦੀ ਬਜਾਏ ਇਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ, ”ਜੇਕਰ ਸ਼੍ਰੀ ਮੋਦੀ ਦੀ ਕੋਈ ਪ੍ਰਮਾਣਿਕ ਡਿਗਰੀ ਹੈ, ਤਾਂ ਗੁਜਰਾਤ ਯੂਨੀਵਰਸਿਟੀ ਇਸ ਨੂੰ ਦਿਖਾ ਕਿਉਂ ਨਹੀਂ ਰਹੀ?” ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ‘ਅਨਪੜ੍ਹ’ ਹੋਣਾ ਕੋਈ ‘ਗੁਨਾਹ ਜਾਂ ਪਾਪ’ ਨਹੀਂ ਹੈ ਕਿਉਂਕਿ ਦੇਸ਼ ਵਿਚ ਬਹੁਤ ਜ਼ਿਆਦਾ ਗਰੀਬੀ ਹੈ ਅਤੇ ਸਾਡੇ ਵਿਚੋਂ ਕਈ ਜਣੇ ਪਰਿਵਾਰਾਂ ਦੀਆਂ ਵਿੱਤੀ ਔਕੁੜਾਂ ਕਾਰਨ ਰਸਮੀ ਸਿੱਖਿਆ ਹਾਸਲ ਕਰਨ ਦੀ ਹਾਲਤ ਵਿਚ ਨਹੀਂ ਹਨ।

Leave a comment