ਚੰਡੀਗੜ੍ਹ, 15 ਅਗਸਤ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਮੀਂਹ ਪੈਣ ਕਰਕੇ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਿਸ ਕਰਕੇ ਪੰਜਾਬ ’ਚ ਦਰਿਆਵਾਂ ਨੇੜਲੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਖ਼ਤਰੇ ਨੂੰ ਘਟਾਉਣ ਵਾਸਤੇ ਪਾਕਿਸਤਾਨ ਵੱਲ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਹਰੀਕੇ ਹੈੱਡ ਵਰਕਸ ਦੇ ਗੇਟ ਖੋਲ੍ਹੇ ਜਾ ਰਹੇ ਹਨ। ਪੌਂਗ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ ਜਦੋਂ ਕਿ ਭਾਖੜਾ ਡੈਮ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਹੈ। ਸਾਲ 1988 ਤੋਂ ਬਾਅਦ ਪਹਿਲੀ ਦਫ਼ਾ ਹੈ ਕਿ ਭਾਖੜਾ ਅਤੇ ਪੌਂਗ ਡੈਮ ਦੋਵਾਂ ਦੇ ਇੱਕੋ ਵੇਲੇ ਫਲੱਡ ਗੇਟ ਖੋਲ੍ਹਣੇ ਪਏ ਹਨ। ਪੌਂਗ ਡੈਮ ਵਿਚ ਪਾਣੀ ਦਾ ਪੱਧਰ ਅੱਜ ਸ਼ਾਮ 7 ਵਜੇ ਤੱਕ ਖ਼ਤਰੇ ਦੇ ਨਿਸ਼ਾਨ ਤੋਂ ਛੇ ਫੁੱਟ ਉਪਰ 1397 ਫੁੱਟ ਹੋ ਗਿਆ। ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਕੇ ਕਰੀਬ ਇੱਕ ਲੱਖ ਕਿਊਸਿਕ ਪਾਣੀ ਬਿਆਸ ਦਰਿਆ ਵਿਚ ਛੱਡਿਆ ਗਿਆ ਜੋ ਬੀਤੇ ਕੱਲ੍ਹ 20 ਹਜ਼ਾਰ ਕਿਊਸਿਕ ਸੀ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਸ਼ਾਮ ਤੱਕ 1676 ਫੁੱਟ ’ਤੇ ਪੁੱਜ ਗਿਆ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਹੀ ਘੱਟ ਹੈ। ਉਂਜ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਸਾਲ 1988 ਵਿਚ 1687 ਫੁੱਟ ਤੱਕ ਚਲਾ ਗਿਆ ਸੀ ਜਿਸ ਕਾਰਨ ਸਰਕਾਰ ਨੂੰ ਭਾਖੜਾ ਨਾਲੋਂ ਪੌਂਗ ਡੈਮ ਵਿਚ ਆਏ ਪਾਣੀ ਦਾ ਫ਼ਿਕਰ ਜ਼ਿਆਦਾ ਹੈ। ਭਾਖੜਾ ਡੈਮ ਦੇ ਵੀ ਫਲੱਡ ਗੇਟ ਖੋਲ੍ਹ ਕੇ ਕਰੀਬ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ’ਚੋਂ 20 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਵਿਚ ਜਾ ਰਿਹਾ ਹੈ। ਭਾਖੜਾ ਡੈਮ ’ਚੋਂ ਪਹਿਲਾਂ ਨਾਲੋਂ 18 ਹਜ਼ਾਰ ਕਿਊਸਿਕ ਵੱਧ ਪਾਣੀ ਛੱਡਿਆ ਗਿਆ ਹੈ। ਆਉਂਦੇ 24 ਘੰਟੇ ਅਹਿਮ ਦੱਸੇ ਜਾ ਰਹੇ ਹਨ ਅਤੇ ਜੇ ਹਿਮਾਚਲ ਪ੍ਰਦੇਸ਼ ’ਚ ਬਾਰਸ਼ ਨਾ ਰੁਕੀ ਤਾਂ ਪੰਜਾਬ ਲਈ ਇਹ ਖ਼ਤਰੇ ਦੀ ਘੰਟੇ ਹੋਵੇਗੀ। ਪੰਜਾਬ ਪਹਿਲਾਂ ਹੀ ਆਏ ਹੜ੍ਹਾਂ ਦੀ ਮਾਰ ’ਚੋਂ ਹਾਲੇ ਬਾਹਰ ਨਹੀਂ ਨਿਕਲ ਸਕਿਆ ਹੈ। ਪੌਂਗ ਡੈਮ ’ਚ ਪਾਣੀ ਦੀ ਆਮਦ ਨੇ ਅੱਜ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਸੌ ਵਰ੍ਹਿਆਂ ਦੇ ਇਤਿਹਾਸ ਵਿਚ ਪੌਂਗ ਡੈਮ ਵਿਚ ਵੱਧ ਤੋਂ ਵੱਧ ਪਾਣੀ ਦੀ ਆਮਦ ਪ੍ਰਤੀ ਸੈਕਿੰਡ 5 ਲੱਖ ਕਿਊਸਿਕ ਰਹੀ ਹੈ। ਅੱਜ ਪੌਂਗ ਡੈਮ ਵਿਚ ਕਰੀਬ ਤਿੰਨ ਘੰਟੇ ਪਾਣੀ ਦੀ ਆਮਦ ਪ੍ਰਤੀ ਸੈਕਿੰਡ 7.30 ਲੱਖ ਕਿਊਸਿਕ ਰਹੀ ਅਤੇ ਦੁਪਹਿਰ ਬਾਅਦ ਵਿਚ ਇਹ ਆਮਦ ਪ੍ਰਤੀ ਸੈਕਿੰਡ 3.80 ਲੱਖ ਕਿਊਸਿਕ ਹੋ ਗਈ। ਘੱਗਰ ਵਿਚ ਵੀ ਅੱਜ ਦੋ ਘੰਟੇ ਕਰੀਬ 40 ਹਜ਼ਾਰ ਕਿਊਸਿਕ ਪਾਣੀ ਵਗਿਆ ਹੈ। ਜਲ ਸਰੋਤ ਵਿਭਾਗ ਦਾ ਦਾਅਵਾ ਹੈ ਕਿ ਸਮੁੱਚੇ ਪੰਜਾਬ ਵਿਚ ਹੜ੍ਹਾਂ ਦੌਰਾਨ 488 ਪਾੜ ਪਏ ਸਨ ਜੋ ਪੂਰ ਦਿੱਤੇ ਗਏ ਹਨ ਅਤੇ ਇਸ ਵੇਲੇ ਇਨ੍ਹਾਂ ਬੰਨ੍ਹਾਂ ਨੂੰ ਉੱਚਾ ਕਰਨ ਦਾ ਕੰਮ ਚੱਲ ਰਿਹਾ ਹੈ। ਘੱਗਰ ’ਚ ਮੁੜ ਪਾਣੀ ਆਉਣ ਕਰਕੇ ਪਟਿਆਲਾ ਅਤੇ ਸੰਗਰੂਰ ਦੇ ਪਿੰਡ ਮੁੜ ਚੌਕਸ ਹੋ ਗਏ ਹਨ।