#AMERICA

ਪੋਪ ਸਟਾਰ ਟੇਲਰ ਸਵਿਫਟ ਵੱਲੋਂ ਕਮਲਾ ਹੈਰਸ ਦਾ ਸਮਰਥਨ

 ਟਰੰਪ ਵੱਲੋਂ ਦਿੱਤੀ ਗਈ ਉਸ ਨੂੰ ਧਮਕੀ

ਅਮਰੀਕਾ, 14 ਸਤੰਬਰ (ਪੰਜਾਬ ਮੇਲ)- ਅਮਰੀਕਾ ’ਚ ਪੌਪ ਸਟਾਰ ਟੇਲਰ ਸਵਿਫਟ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਵੋਟਰ ਰਜਿਸਟ੍ਰੇਸ਼ਨ ਵਿਚ ਤੇਜ਼ੀ ਆਈ ਹੈ। ਡਾਟਾ ਫਰਮ ਟਾਰਗੈੱਟ ਸਮਾਰਟ ਦੇ ਸੀਨੀਅਰ ਸਲਾਹਕਾਰ ਟਾਮ ਬੋਨੀਅਰ ਅਨੁਸਾਰ ਸਵਿਫਟ ਵੱਲੋਂ ਹੈਰਿਸ ਦਾ ਸਮਰਥਨ ਕਰਨ ਨਾਲ ਵੋਟਰ ਰਜਿਸਟ੍ਰੇਸ਼ਨ ’ਚ 400 ਫੀਸਦੀ ਜਾਂ 500 ਫੀਸਦੀ ਦਾ ਵਾਧਾ ਹੋਇਆ ਹੈ। ਪ੍ਰਤੀ ਘੰਟਾ 9000 ਤੋਂ 10,000 ਰਜਿਸਟ੍ਰੇਸ਼ਨਾਂ ਹੋਈਆਂ ਹਨ। ਬੋਨੀਅਰ ਨੇ ਕਿਹਾ ਕਿ ਇਹ ਵਾਧਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

ਰਿਪੋਰਟ ਅਨੁਸਾਰ ਇਸ ਹਫਤੇ ਦੀ ਸ਼ੁਰੂਆਤ ’ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਕਾਰ ਪਹਿਲੀ ਬਹਿਸ ਤੋਂ ਬਾਅਦ ਸਵਿਫਟ ਨੇ ਚੋਣਾਂ ’ਤੇ ਆਪਣੀ ਚੁੱਪੀ ਤੋੜੀ ਅਤੇ ਮੌਜੂਦਾ ਉਪ ਰਾਸ਼ਟਰਪਤੀ ਨੂੰ ਸਮਰਥਨ ਦਿੱਤਾ।

ਆਪਣੀ ਪੋਸਟ ’ਚ ਉਨ੍ਹਾਂ ਨੇ ਕਮਲਾ ਹੈਰਿਸ ਨੂੰ ਇਕ ਸਥਿਰ, ਪ੍ਰਤਿਭਾਸ਼ਾਲੀ ਨੇਤਾ ਵਜੋਂ ਸਨਮਾਨਿਤ ਕੀਤਾ। ਸਵਿਫਟ ਦਾ ਮੰਨਣਾ ਹੈ ਕਿ ਜੇ ਅਸੀਂ ਅਰਾਜਕਤਾ ਛੱਡ ਕੇ ਸ਼ਾਂਤੀ ਨਾਲ ਅਗਵਾਈ ਕਰੀਏ ਤਾਂ ਅਸੀਂ ਇਸ ਦੇਸ਼ ਵਿਚ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਸਵਿਫਟ ਨੇ ਇਹ ਵੀ ਕਿਹਾ ਕਿ ਹੈਰਿਸ ਅਧਿਕਾਰਾਂ ਅਤੇ ਕਾਰਨਾਂ ਲਈ ਲੜਦੀ ਹੈ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅੱਗੇ ਲਿਜਾਣ ਲਈ ਇਕ ਯੋਧਾ ਦੀ ਜ਼ਰੂਰਤ ਹੈ।

ਸਵਿਫਟ ਨੇ ਵੋਟਰਾਂ ਨੂੰ ਸੋਚ-ਸਮਝ ਕੇ ਵੋਟਿੰਗ ਕਰਨ ਦੀ ਅਪੀਲ ਕੀਤੀ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਜਲਦੀ ਰਜਿਸਟ੍ਰੇਸ਼ਨ ਕਰਨ ਦੀ ਸਲਾਹ ਦਿੱਤੀ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੋਟ ਰਜਿਸਟ੍ਰੇਸ਼ਨ ਸਾਈਟ ਦਾ ਲਿੰਕ ਵੀ ਸਾਂਝਾ ਕੀਤਾ ਹੈ। ਸੀ. ਐੱਨ. ਐੱਨ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਵਿਫਟ ਵੱਲੋਂ ਕਮਲਾ ਹੈਰਿਸ ਦੇ ਸਮਰਥਨ ਵਿਚ ਪੋਸਟ ਦੇ 24 ਘੰਟਿਆਂ ਦੇ ਅੰਦਰ ਲੱਗਭਗ 5 ਲੱਖ ਲੋਕਾਂ ਨੇ ਸਿੱਧੇ ਤੌਰ ’ਤੇ ਵੋਟਰ ਰਜਿਸਟ੍ਰੇਸ਼ਨ ਵੈੱਬਸਾਈਟ ਦਾ ਦੌਰਾ ਕੀਤਾ, ਜਦਕਿ ਇਸ ਸਾਈਟ ’ਤੇ ਹਰ ਰੋਜ਼ ਲੱਗਭਗ 30,000 ਤੋਂ ਜ਼ਿਆਦਾ ਸਾਈਟ ਵਿਜ਼ਿਟਰ ਹਨ।

ਇਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਕਿ ਪੌਪ ਸਟਾਰ ਟੇਲਰ ਸਵਿਫਟ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਜਨਤਕ ਤੌਰ ’ਤੇ ਸਮਰਥਨ ਕਰਨ ਦੀ ਕੀਮਤ ਚੁਕਾਉਣੀ ਪਵੇਗੀ।

ਅਮਰੀਕੀ ਨਿਊਜ਼ ਸ਼ੋਅ ਫਾਕਸ ਐਂਡ ਫਰੈਂਡਜ਼ ਨੂੰ ਦਿੱਤੇ ਇਕ ਇੰਟਰਵਿਊ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੇਲਰ ਸਵਿਫਟ ਦੇ ਸਿਆਸੀ ਰੁਖ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹ ਪੌਪ ਸਟਾਰ ਦੇ ਪ੍ਰਸ਼ੰਸਕ ਨਹੀਂ ਹਨ।

ਇਹ ਸਿਰਫ ਸਮੇਂ ਦੀ ਗੱਲ ਸੀ। ਉਹ ਸੰਭਾਵਤ ਤੌਰ ’ਤੇ ਬਾਈਡੇਨ ਦਾ ਸਮਰਥਨ ਨਹੀਂ ਕਰ ਸਕਦੀ ਸੀ ਪਰ ਉਹ ਬਹੁਤ ਉਦਾਰਵਾਦੀ ਔਰਤ ਹੈ। ਅਜਿਹਾ ਲੱਗਦਾ ਹੈ ਕਿ ਉਹ ਹਮੇਸ਼ਾ ਡੈਮੋਕ੍ਰੇਟ ਦਾ ਸਮਰਥਨ ਕਰਦੀ ਹੈ ਅਤੇ ਉਸ ਨੂੰ ਮਾਰਕੀਟ ਵਿਚ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ।