#EUROPE

ਪੈਰਿਸ ‘ਚ 400 ਸਾਲਾਂ ਤੋਂ ਲਗਾਤਾਰ ਬਾਖੂਬੀ ਨਾਲ ਚੱਲ ਰਿਹਾ ਹੈ ਰੈਸਟੋਰੈਂਟ!

ਫਰਾਂਸ, 9 ਸਤੰਬਰ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਪੈਰਿਸ ਦੇ ਬਿਲਕੁਲ ਵਿਚਕਾਰ ਸੇਨ ਦਰਿਆ ਦੇ ਕੰਢੇ ਉਤੇ ਸਥਿਤ ਬੋਤਲ ਸੋਨੇ ਦੀ ਨਾਂ ਦਾ ਰੈਸਟੋਰੈਂਟ ਜਿਸ ਨੂੰ ਫਰੈਂਚ ਵਿਚ ਬੋਤਾਈ ਦਾ ਓਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ 1631 ਵਿਚ ਖੋਲ੍ਹਿਆ ਗਿਆ ਸੀ। ਇਸ ਦਾ ਖੁਲਾਸਾ ਬਾਹਰ ਲੱਗੇ ਸਾਈਨ ਬੋਰਡ ਤੋਂ ਵੀ ਮਿਲਦਾ ਹੈ। ਇਸ ਨੂੰ ਪੈਰਿਸ ਦੇ ਸਭ ਤੋਂ ਪੁਰਾਣੇ ਰੈਸਟੋਰੈਂਟ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ।
ਸਦੀਆਂ ਪੁਰਾਣੇ ਇਸ ਰੈਸਟੋਰੈਂਟ ਦੇ ਮਾਲਕ ਸਮੇਂ-ਸਮੇਂ ਅਨੁਸਾਰ ਬਦਲਦੇ ਰਹੇ ਹਨ। ਪਰ ਇਸ ਦੇ ਨਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਨੂੰ ਜ਼ਮਾਨੇ ਦੇ ਹਾਣ ਦਾ ਰੱਖਣ ਲਈ ਮੌਕੇ ਮੁਤਾਬਕ ਕਈ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਇਸ ਦੀ ਮੁਰੰਮਤ ਦੇ ਨਾਲ-ਨਾਲ ਦੋ ਮੰਜ਼ਿਲ ਤੱਕ ਇਸ ਦੀ ਉਸਾਰੀ ਵੀ ਕੀਤੀ ਗਈ ਹੈ। ਇਸ ਦੇ ਬਾਹਰ ਬੈਠਣ ਲਈ ਖੁੱਲ੍ਹਾ-ਚੌੜਾ ਦਲਾਨ ਵੀ ਬਣਿਆ ਹੋਇਆ ਹੈ। ਜਿਥੇ 70 ਲੋਕੀ ਆਰਾਮ ਨਾਲ ਬੈਠ ਕੇ ਖਾਣਾ ਖਾ ਸਕਦੇ ਹਨ। ਜਿਹੜਾ ਪੈਰਿਸ ਵਿਚ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਇਸ ਦੇ ਅੰਦਰ 80 ਲੋਕੀਂ ਬੈਠ ਕੇ ਖਾਣਾ ਖਾ ਸਕਦੇ ਹਨ। ਗਿਆਰਵੀਂ ਸਦੀ ਦਾ ਬਣਿਆ ਹੋਇਆ ਚਰਚ ਜਿਸ ਨੂੰ ਨੋਤਰ ਦਾਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਥੋਂ ਸਾਫ ਵਿਖਾਈ ਦਿੰਦਾ ਹੈ। ਇਸ ਦਾ ਸਦੀਆਂ ਪੁਰਾਣਾ ਜ਼ਿੰਦਗੀ ਦਾ ਰਾਜ਼ 100% ਹੱਥੀਂ ਤਿਆਰ ਕੀਤੇ ਹੋਏ ਤਾਜ਼ੇ ਹਰ ਖਾਣੇ ਤੋਂ ਸਾਫ ਵਿਖਾਈ ਦਿੰਦਾ ਹੈ।