#OTHERS

ਪੂਤਿਨ ਵੱਲੋਂ ਬੇਲਾਰੂਸ ‘ਚ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਦੇ ਐਲਾਨ ਨਾਲ ਤਣਾਅ ਵਧਿਆ

ਮਾਸਕੋ, 28 ਜੁਲਾਈ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਬੇਲਾਰੂਸ ‘ਚ ਪ੍ਰਮਾਣੂ ਹਥਿਆਰਾਂ ਦੀ ਕਥਿਤ ਤਾਇਨਾਤੀ ਦੇ ਐਲਾਨ ਨਾਲ ਤਣਾਅ ਹੋਰ ਵਧ ਸਕਦਾ ਹੈ। ਜੇਕਰ ਪੂਤਿਨ ਦੇ ਬਿਆਨ ‘ਤੇ ਭਰੋਸਾ ਕੀਤਾ ਜਾਵੇ ਤਾਂ ਇਨ੍ਹਾਂ ਗਰਮੀਆ ਵਿਚ ਰੂਸ ਵੱਲੋਂ ਘੱਟ ਦੂਰੀ ਤੱਕ ਮਾਰ ਕਰਨ ਵਾਲੇ ਕੁਝ ਪ੍ਰਮਾਣੂ ਹਥਿਆਰ ਬੇਲਾਰੂਸ, ਯੂਕਰੇਨ ਅਤੇ ਨਾਟੋ ਦੀਆਂ ਦਹਿਲੀਜ਼ਾਂ ‘ਤੇ ਭੇਜ ਦਿੱਤੇ ਗਏ ਹਨ। ਗੁਆਂਢੀਆਂ ਅਤੇ ਵਫ਼ਦਾਰ ਸਹਿਯੋਗੀਆਂ ਦੇ ਇਲਾਕੇ ‘ਚ ਰੂਸੀ ਹਥਿਆਰਾਂ ਦੀ ਤਾਇਨਾਤੀ ਯੁਕਰੇਨ ‘ਤੇ ਹਮਲੇ ਨੂੰ ਲੈ ਕੇ ਕਰੈਮਲਿਨ ਵੱਲੋਂ ਪ੍ਰਮਾਣੂ ਜੰਗ ਨੂੰ ਭੜਕਾਉਣ ਦਾ ਇੱਕ ਨਵਾਂ ਗੇੜ ਅਤੇ ਪੱਛਮ ਵੱਲੋਂ ਕੀਵ (ਯੂਕਰੇਨ) ਨੂੰ ਫੌਜੀ ਮਦਦ ਵਧਾਉਣ ਤੋਂ ਰੋਕਣ ਦੀ ਕੋਸ਼ਿਸ਼ ਹੈ। ਹਾਲਾਂਕਿ ਰਾਸ਼ਟਰਪਤੀ ਪੂਤਿਨ ਜਾਂ ਉਨ੍ਹਾਂ ਦੇ ਬੇਲਾਰੂਸੀ ਹਮਰੁਤਬਾ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਭੇਜੇ ਗਏ ਹਨ।
ਦੂਜੇ ਪਾਸੇ ਅਮਰੀਕਾ ਜਾਂ ਨਾਟੋ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਨਾਟੋ ਦੇ ਸਕੱਤਰ ਜਨਰਲ ਜੈਨਸ ਸਟੋਲਨਬਰਗ ਨੇ ਮਾਸਕੋ ਦੀ ਬਿਆਨਬਾਜ਼ੀ ਨੂੰ ‘ਖ਼ਤਰਨਾਕ ਅਤੇ ਲਾਪ੍ਰਵਾਹ’ ਕਰਾਰ ਦਿੱਤਾ ਤੇ ਆਖਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਨਾਟੋ ਨੇ ਰੂਸ ਦੇ ਪ੍ਰਮਾਣੂ ਰੁਖ਼ ‘ਚ ਕੋਈ ਬਦਲਾਅ ਨਹੀਂ ਦੇਖਿਆ ਹੈ।
ਹਾਲਾਂਕਿ ਕੁਝ ਮਾਹਿਰਾਂ ਨੇ ਪੂਤਿਨ ਅਤੇ ਲੁਕਾਸ਼ੈਂਕੋ ਦੇ ਦਾਅਵਿਆਂ ‘ਤੇ ਸ਼ੱਕ ਜਤਾਇਆ ਹੈ ਪਰ ਹੋਰਨਾਂ ਦਾ ਕਹਿਣਾ ਹੈ ਕਿ ਪੱਛਮੀ ਇੰਟੈਲੀਜੈਂਸ ਅਜਿਹੀ ਸਰਗਰਮੀ ‘ਤੇ ਨਜ਼ਰ ਰੱਖਣ ‘ਚ ਅਸਮਰੱਥ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਸੀ.ਐੱਨ.ਐੱਨ. ਨੇ ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਉਨ੍ਹਾਂ ਕੋਲ ਬੇਲਾਰੂਸ ਨੂੰ ਹਥਿਆਰਾਂ ਦੀ ਪਹਿਲੀ ਖੇਪ ਦੀ ਡਿਲਿਵਰੀ ਬਾਰੇ ਪੂਤਿਨ ਦੇ ਦਾਅਵੇ ‘ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਲਈ ਇਨ੍ਹਾਂ ਨੂੰ ਟਰੈਕ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ।

Leave a comment