ਚੰਡੀਗੜ੍ਹ, 23 ਅਪ੍ਰੈਲ (ਪੰਜਾਬ ਮੇਲ)- ਪੰਜਾਬ ਪੁਲੀਸ ਦੇ ਬੁਲਾਰੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰੇ ਵਿੱਚੋਂ ਅੱਜ ਸਵੇਰੇ 6.45 ਵਜੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸੇ ਦੌਰਾਨ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਅੰਮ੍ਰਿਤਪਾਲ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਤਾਂ ਉਸ ਨੇ ਚਿੱਟੇ ਰੰਗ ਦੇ ਰਵਾਇਤੀ ਕੱਪੜੇ ਪਹਿਨੇ ਹੋਏ ਸਨ। ਇਸੇ ਦੌਰਾਨ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੇ ਪਿੰਡ ਰੋਡੇ ਦੇ ਗੁਰਦੁਆਰੇ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ ਪੁਲੀਸ ਅੱਗੇ ਆਤਮ ਸਮਰਪਣ ਕਰਨ ਲੱਗਾ ਹੈ। ਇਸ ਸਬੰਧ ਵਿੱਚ ਆਈਜੀ ਗਿੱਲ ਨੇ ਕਿਹਾ ਕਿ ਪੁਲੀਸ ਨੂੰ ਸੂਚਨਾ ਮਿਲ ਗਈ ਸੀ ਕਿ ਅੰਮ੍ਰਿਤਪਾਲ ਪਿੰਡ ਰੋਡੇ ਦੇ ਗੁਰਦੁਆਰੇ ਵਿੱਚ ਛੁਪਿਆ ਹੋਇਆ ਹੈ। ਇਸ ਮਗਰੋਂ ਗੁਰਦੁਆਰੇ ਦਾ ਘਿਰਾਓ ਕਰ ਲਿਆ ਗਿਆ ਅਤੇ ਸਿੱਖ ਮਰਿਆਦਾ ਦਾ ਵੀ ਪੂਰਾ ਖ਼ਿਆਲ ਰੱਖਿਆ ਗਿਆ। ਅੰਮ੍ਰਿਤਪਾਲ ਦੇ ਫਰਾਰ ਹੋਣ ਦੇ ਸਾਰੇ ਰਸਤੇ ਬੰਦ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।