#PUNJAB

ਪੁਲਿਸ ਵੱਲੋਂ 18 ਗ਼ੈਰਕਾਨੂੰਨੀ ਟਰੈਵਲ ਏਜੰਸੀਆਂ ਖ਼ਿਲਾਫ਼ ਕੇਸ ਦਰਜ

ਐੱਸ.ਏ.ਐੱਸ. ਨਗਰ (ਮੁਹਾਲੀ), 14 ਅਕਤੂਬਰ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਐੱਨ.ਆਰ.ਆਈ. ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ ਚੰਡੀਗੜ੍ਹ ਨਾਲ ਤਾਲਮੇਲ ਕਰਕੇ ਮੁਹਾਲੀ, ਖਰੜ ਸਣੇ ਹੋਰ ਵੱਡੇ ਸ਼ਹਿਰ ਦੀਆਂ ਕਰੀਬ ਡੇਢ ਦਰਜਨ ਟ੍ਰੈਵਲ ਏਜੰਸੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿਚ ਅਜਿਹੀਆਂ 25 ਗ਼ੈਰਕਾਨੂੰਨੀ ਟ੍ਰੈਵਲ ਏਜੰਸੀਆਂ ਖ਼ਿਲਾਫ਼ ਘੱਟੋ-ਘੱਟ 20 ਕੇਸ ਦਰਜ ਕੀਤੇ ਗਏ ਸਨ। ਇਸ ਤਰ੍ਹਾਂ ਹੁਣ ਤੱਕ ਗ਼ੈਰਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਦਾ ਗੰਭੀਰ ਨੋਟਿਸ ਲਿਆ ਹੈ।
ਏ.ਡੀ.ਜੀ.ਪੀ. (ਐੱਨ.ਆਰ.ਆਈ. ਮਾਮਲੇ) ਪ੍ਰਵੀਨ ਕੇ ਸਿਨਹਾ ਨੇ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਮਨਜ਼ੂਰੀ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ਾਂ ਵਿਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਆਨਲਾਈਨ ਪਲੈਟਫਾਰਮਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ‘ਤੇ ਤਸਦੀਕ ਕੀਤੀ ਗਈ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਐੱਨ.ਆਰ.ਆਈ. ਥਾਣਿਆਂ ਵਿਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ 18 ਨਵੇਂ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਗਸਤ ਅਤੇ ਸਤੰਬਰ ਮਹੀਨਿਆਂ ਵਿਚ ਦਰਜ ਕੀਤੇ ਗਏ ਇਨ੍ਹਾਂ 26 ਮਾਮਲਿਆਂ ਵਿਚ ਕੁੱਲ 34 ਮੁਲਜ਼ਮਾਂ ‘ਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਮੁਲਜ਼ਮ ਟਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਏ.ਡੀ.ਜੀ.ਪੀ. ਸਿਨਹਾ ਨੇ ਆਮ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਟਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ ਹੈ।
ਪੁਲਿਸ ਨੇ ਕਾਰਵਾਈ ਦੌਰਾਨ ਸਾਈ ਏਂਜਲ ਗਰੁੱਪ ਸੈਕਟਰ-78 (ਮੁਹਾਲੀ), ਯੂਨੀਕ ਐਂਟਰਪ੍ਰਾਈਜ਼ਿਜ਼, ਸੰਨੀ ਐਨਕਲੇਵ ਸੈਕਟਰ-123 (ਮੁਹਾਲੀ), ਵਨ ਪੁਆਇੰਟ ਸਰਵਿਸਿਜ਼ ਸੈਕਟਰ-115 (ਖਰੜ), ਭਾਰਤ ਇਮੀਗ੍ਰੇਸ਼ਨ ਅਮਲੋਹ, ਮਾਸਟਰ ਮਾਈਂਡ ਇਮੀਗ੍ਰੇਸ਼ਨ, ਸਟੱਡੀ ਵੀਜ਼ਾ ਕੰਸਲਟੈਂਟ ਸ੍ਰੀ ਆਨੰਦਪੁਰ ਸਾਹਿਬ, ਏ.ਵੀ.ਪੀ. ਇਮੀਗ੍ਰੇਸ਼ਨ ਬਠਿੰਡਾ, ਸਕਾਈ ਬ੍ਰਿਜ ਇਮੀਗ੍ਰੇਸ਼ਨ ਬਠਿੰਡਾ, ਗੇਟਵੇਅ ਇਮੀਗ੍ਰੇਸ਼ਨ ਪਟਿਆਲਾ, ਮਾਸਟਰ ਇਮੀਗ੍ਰੇਸ਼ਨ ਰਾਜਪੁਰਾ, ਹੰਬਲ ਇਮੀਗ੍ਰੇਸ਼ਨ ਅੰਮ੍ਰਿਤਸਰ, ਦਿ ਹੰਬਲ ਇਮੀਗ੍ਰੇਸ਼ਨ ਲੁਧਿਆਣਾ, ਈ.ਵੀ.ਏ.ਏ. ਇਮੀਗ੍ਰੇਸ਼ਨ ਲੁਧਿਆਣਾ, ਕੌਰ ਇਮੀਗ੍ਰੇਸ਼ਨ ਸੈਂਟਰ ਮੋਗਾ, ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ ਅੰਮ੍ਰਿਤਸਰ, ਆਹੂਜਾ ਇਮੀਗ੍ਰੇਸ਼ਨ ਜੰਡਿਆਲਾ ਰੋਡ ਤਰਨ ਤਾਰਨ, ਜੇ.ਐੱਮ.ਸੀ. ਅੰਮ੍ਰਿਤਸਰ, ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ਼ ਵੀਜ਼ਾ) ਖੰਨਾ ਕੰਪਲੈਕਸ ਰੂਪਨਗਰ ਖ਼ਿਲਾਫ਼ ਕੇਸ ਦਰਜ ਕੀਤੇ ਹਨ।