#AMERICA

ਪੁਲਿਸ ਨੇ ਕਾਲੇ ਵਿਅਕਤੀ ਦੀ ਬਿਮਾਰੀ ਦੀ ਪ੍ਰਵਾਹ ਕੀਤੇ ਬਗੈਰ ਤਾਕਤ ਦੀ ਵਰਤੋਂ ਕੀਤੀ

ਸੈਕਰਾਮੈਂਟੋ, 13 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਮਹੀਨੇ ਉੱਤਰੀ ਕੈਰੋਲੀਨਾ ‘ਚ ਪੁਲਿਸ ਵੱਲੋਂ ਗ੍ਰਿਫਤਾਰੀ ਵੇਲੇ 32 ਸਾਲਾ ਕਾਲੇ ਵਿਅਕਤੀ ਡੈਰੀਅਲ ਟਾਇਰ ਵਿਲੀਅਮਜ ਦੀ ਹੋਈ ਮੌਤ ਸਬੰਧੀ ਜਾਰੀ ਵੀਡੀਓ ‘ਚ ਪੁਲਿਸ ਉਸ ਨਾਲ ਕਥਿਤ ਧੱਕੇਸ਼ਾਹੀ ਕਰਦੀ ਹੋਈ ਨਜ਼ਰ ਆ ਰਹੀ ਹੈ। ਵਿਲੀਅਮਜ਼ ਪੁਲਿਸ ਅਫਸਰਾਂ ਨੂੰ ਆਪਣੀ ਦਿਲ ਦੀ ਬਿਮਾਰੀ ਬਾਰੇ ਦੱਸਦਾ ਹੈ ਪਰੰਤੂ ਪੁਲਿਸ ਉਸ ਦੀ ਗੱਲ ਨਹੀਂ ਸੁਣਦੀ। ਵਿਲੀਅਮਜ਼ ਤੇ ਪੁਲਿਸ ਅਫਸਰਾਂ ਵਿਚਾਲੇ ਤਕਰਾਰ ਹੁੰਦੀ ਹੈ। ਬਾਅਦ ਵਿਚ ਪੁਲਿਸ ਜ਼ਮੀਨ ਉਪਰ ਡਿੱਗੇ ਹੋਏ ਵਿਲੀਅਮਜ਼ ਉਪਰ ਸਟਨ ਗੰਨ ਦੀ ਵਰਤੋਂ ਕਰਦੀ ਹੈ। ਇਸ ਦੇ ਇਕ ਘੰਟੇ ਬਾਅਦ ਹੀ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਦੀ ਇਕ ਰਿਪੋਰਟ ਅਨੁਸਾਰ ਖੜ੍ਹੀ ਕਾਰ ਵਿਚ ਵਿਲੀਅਮਜ਼ ਡਰਾਈਵਰ ਵਾਲੀ ਸੀਟ ਉਪਰ ਬੈਠਾ ਸੀ, ਜਦੋਂ ਪੁਲਿਸ ਅਫਸਰਾਂ ਨੇ ਉਸ ਦੀ ਕਾਰ ਵਿਚ ਸ਼ਰਾਬ ਦਾ ਖੁੱਲ੍ਹਾ ਹੋਇਆ ਕੰਟੇਨਰ ਤੇ ਭੰਗ ਵੇਖੀ। ਗ੍ਰਿਫਤਾਰੀ ਵੇਲੇ ਸਟਨ ਗੰਨ ਨਾਲ ਤਿੰਨ ਝਟਕੇ ਦੇਣ ਉਪਰੰਤ ਉਸ ਨੂੰ ਹੱਥਕੜੀ ਲਾਈ ਗਈ। ਇਸ ਮਾਮਲੇ ਦੀ ਰਲੀਘ ਪੁਲਿਸ ਵਿਭਾਗ ਜਾਂਚ ਕਰ ਰਿਹਾ ਹੈ, ਜਦਕਿ 6 ਪੁਲਿਸ ਅਫਸਰਾਂ ਨੂੰ ਛੁੱਟੀ ਉਪਰ ਭੇਜ ਦਿੱਤਾ ਗਿਆ ਹੈ। ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।

Leave a comment