#PUNJAB

ਪੁਲਿਸ ਤਸ਼ੱਦਦ ਮਾਮਲੇ ਨੂੰ ਲੈ ਕੇ ਬਜ਼ੁਰਗ ਸਮਾਜ ਸੇਵੀ ਜੋੜੇ ਨੂੰ 29 ਸਾਲਾਂ ਬਾਅਦ ਮਿਲਿਆ ਇਨਸਾਫ

-ਅਦਾਲਤ ਵੱਲੋਂ ਡੀ.ਐੱਸ.ਪੀ. ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ
ਲੌਂਗੋਵਾਲ਼, 24 ਸਤੰਬਰ (ਪੰਜਾਬ ਮੇਲ)- ਇਥੋਂ ਦੇ ਇਕ ਬਜ਼ੁਰਗ ਸਮਾਜ ਸੇਵੀ ਜੋੜੇ ਨੂੰ ਅਦਾਲਤ ਵੱਲੋਂ 29 ਸਾਲਾ ਬਾਅਦ ਇਨਸਾਫ ਮਿਲਿਆ ਹੈ। ਜਿਸ ਤਹਿਤ ਪੁਲਸ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਡੀ.ਐੱਸ.ਪੀ. ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਾਮਲਾ ਸਥਾਨਕ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਪਰਮਿੰਦਰ ਕੌਰ ਬਰਾੜ ਦੇ ਸਹੁਰਾ ਸਾਹਿਬ ਕਰਮ ਸਿੰਘ ਬਰਾੜ ਨੇ ਦੱਸਿਆ ਕਿ ਮੇਰੇ ਸਾਲੇ ਗਮਦੂਰ ਸਿੰਘ ਪਿੰਡ ਭਾਈ ਕੀ ਪਸ਼ੌਰ ਨੂੰ ਇਕ ਕਤਲ ਕੇਸ ਦੇ ਸ਼ੱਕ ‘ਚ 14 ਨਵੰਬਰ 1995 ਨੂੰ ਰੇਲਵੇ ਪੁਲਿਸ ਸੰਗਰੂਰ ਦੇ ਤਤਕਾਲੀਨ ਐੱਸ.ਐੱਚ.ਓ. ਦੇ ਆਧਾਰਿਤ ਇਕ ਪੁਲਿਸ ਟੁਕੜੀ ਵੱਲੋਂ ਚੁੱਕ ਲਿਆ ਗਿਆ ਸੀ ਅਤੇ ਰੇਲਵੇ ਥਾਣੇ ‘ਚ ਲਿਜਾ ਕੇ ਉਸ ‘ਤੇ ਅੰਨਾ ਤਸ਼ੱਦਦ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਗਮਦੂਰ ਸਿੰਘ ਨੂੰ ਉੱਥੇ 10 ਦਿਨ ਪੁਲਿਸ ਵੱਲੋਂ ਲਗਾਤਾਰ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਇਨ੍ਹਾਂ 10 ਦਿਨਾਂ ਦੌਰਾਨ ਪੁਲਿਸ ਵੱਲੋ ਉਨ੍ਹਾਂ ਨੂੰ ਸਿਰਫ ਇਕ ਦਿਨ ਮਿਲਣ ਦਾ ਮੌਕਾ ਦਿੱਤਾ ਗਿਆ। ਪੁਲਿਸ ਦੀ ਅੰਨੀ ਕੁੱਟ ਨੇ ਉਸਦੀ ਹਾਲਤ ਬੇਹੱਦ ਵਿਗਾੜ ਦਿੱਤੀ, ਤਾਂ ਪੁਲਿਸ ਨੇ ਮੈਨੂੰ ਅਤੇ ਮੇਰੀ ਪਤਨੀ ਕੁਲਦੀਪ ਕੌਰ ਨੂੰ ਬੁਲਾ ਕੇ ਸਾਡੇ ਤੋਂ ਕੋਰੇ ਕਾਗਜ਼ਾਂ ਉਪਰ ਅੰਗੂਠੇ ਅਤੇ ਦਸਤਖ਼ਤ ਕਰਵਾ ਕੇ ਗਮਦੂਰ ਸਿੰਘ ਨੂੰ ਨਾਜ਼ੁਕ ਹਾਲਤ ‘ਚ ਸਾਡੇ ਹਵਾਲੇ ਕਰ ਦਿੱਤਾ। ਬਰਾੜ ਨੇ ਦੱਸਿਆ ਕਿ ਅਸੀਂ ਗਮਦੂਰ ਸਿੰਘ ਨੂੰ ਉਸੇ ਰਾਤ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾ ਦਿੱਤਾ। ਉਸ ਸਮੇਂ ਗਮਦੂਰ ਸਿੰਘ ਦੇ ਜਿਸਮ ‘ਤੇ 18 ਜ਼ਖਮ ਸਨ ਅਤੇ ਚਾਰ ਪਸਲੀਆਂ ਟੁੱਟੀਆਂ ਹੋਈਆਂ ਸਨ। ਪੀ.ਜੀ.ਆਈ. ‘ਚ ਕਰੀਬ 15 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਇਆ ਗਮਦੂਰ ਸਿੰਘ 7 ਦਸੰਬਰ 1995 ਨੂੰ ਦਮ ਤੋੜ ਗਿਆ। ਕਰਮ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਗਮਦੂਰ ਸਿੰਘ ਦੇ ਦੋ ਮੁੰਡੇ ਜਗਤਾਰ ਸਿੰਘ ਅਤੇ ਮੱਖਣ ਸਿੰਘ ਹਨ, ਜਿਨ੍ਹਾਂ ਦੀ ਉਮਰ ਉਸ ਸਮੇਂ 10 ਅਤੇ 12 ਸਾਲ ਸੀ, ਜਿਸ ਕਾਰਨ ਮੈਂ ਅਤੇ ਮੇਰੀ ਪਤਨੀ ਕੁਲਦੀਪ ਕੌਰ ਨੇ ਕਾਨੂੰਨ ਰਾਹੀਂ ਗਮਦੂਰ ਸਿੰਘ ਦੀ ਮੌਤ ਦਾ ਬਦਲਾ ਲੈਣ ਦੀ ਠਾਣ ਲਈ। ਪਹਿਲਾਂ ਜ਼ਿਲ੍ਹਾ ਸੈਸ਼ਨ ਕੋਰਟ ਅਤੇ ਬਾਅਦ ‘ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਇਨਸਾਫ ਦੀ ਗੁਹਾਰ ਲਗਾਈ, ਜਿਸ ਦਾ ਨਤੀਜਾ ਸਾਨੂੰ 29 ਸਾਲ ਬਾਅਦ ਇਨਸਾਫ ਦੇ ਰੂਪ ‘ਚ ਮਿਲਿਆ ਹੈ।
ਮਾਣਯੋਗ ਹਾਈਕੋਰਟ ਦੇ ਇਸ ਫੈਸਲੇ ਨੇ ਭਾਵੇਂ ਮ੍ਰਿਤਕ ਗਮਦੂਰ ਸਿੰਘ ਦੀ ਭੈਣ ਕੁਲਦੀਪ ਕੌਰ, ਜੀਜਾ ਕਰਮ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਬਰਾੜ ਲੌਂਗੋਵਾਲ, ਪੁੱਤਰ ਜਗਤਾਰ ਸਿੰਘ ਅਤੇ ਮੱਖਣ ਸਿੰਘ ਤੋਂ ਇਲਾਵਾ ਹੋਰਨਾਂ ਸਬੰਧੀਆਂ ਦਾ ਸੀਨਾ ਠਾਰ ਦਿੱਤਾ ਹੈ ਅਤੇ ਪਰਿਵਾਰ ਵੱਲੋਂ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ ਗਈ ਹੈ। ਕੇਸ ਦੀ ਪੈਰਵੀ ਕਰ ਰਹੇ ਕਰਮ ਬਰਾੜ ਨੇ ਦੱਸਿਆ ਕਿ ਇਨਸਾਫ ਲੈਣ ਲਈ 29 ਸਾਲ ਦੇ ਇੰਤਜ਼ਾਰ ਨੇ ਸਾਨੂੰ ਵੀ ਬਜ਼ੁਰਗ ਬਣਾ ਦਿੱਤਾ ਹੈ। 29 ਸਾਲਾਂ ਦੇ ਇਸ ਸਮੇਂ ਦੌਰਾਨ ਗਮਦੂਰ ਸਿੰਘ ਦੀ ਪਤਨੀ ਚਰਨਜੀਤ ਕੌਰ ਅਤੇ ਭੈਣ ਇਕਬਾਲ ਕੌਰ ਫੈਸਲੇ ਦਾ ਇੰਤਜ਼ਾਰ ਕਰਦੇ-ਕਰਦੇ ਦੁਨੀਆ ਨੂੰ ਅਲਵਿਦਾ ਆਖ ਗਈਆਂ ਅਤੇ ਦੂਜੀ ਭੈਣ ਕੁਲਦੀਪ ਕੌਰ ਅਧਰੰਗ ਕਾਰਨ ਮੰਜੇ ‘ਤੇ ਹੈ। ਉਨ੍ਹਾਂ ਕਿਹਾ ਕਿ ਸਾਡੇ ਕੇਸ ਦੀ ਸੈਸ਼ਨ ਕੋਰਟ ਅਤੇ ਹਾਈਕੋਰਟ ‘ਚ ਪੈਰਵੀਂ ਕਰਨ ਵਾਲੇ ਸਾਡੇ ਵਕੀਲ ਕਿਰਨਜੀਤ ਸਿੰਘ ਸੇਖੋਂ ਵੱਲੋਂ ਸਾਨੂੰ ਦਿੱਤੇ ਇਨਸਾਫ ਦੇ ਭਰੋਸੇ ਨਾਲ ਹੀ ਅਸੀਂ ਹੌਸਲੇ ਨਾਲ ਲੜਾਈ ਲੜਦੇ ਰਹੇ।
ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਇਸ ਕੇਸ ‘ਚ ਤਤਕਾਲੀਨ ਡੀ.ਐੱਸ.ਪੀ., ਰਿਟਾਇਰ ਐੱਸ.ਪੀ. ਗੁਰਸੇਵਕ ਸਿੰਘ ਦੀਪ ਨਗਰ ਵਾਸੀ ਪਟਿਆਲਾ, ਥਾਣੇਦਾਰ ਹਰਭਜਨ ਸਿੰਘ ਵਾਸੀ ਪਿੰਡ ਬਤਾਲਾ ਜ਼ਿਲ੍ਹਾ ਅੰਮ੍ਰਿਤਸਰ, ਕਿਰਪਾਲ ਸਿੰਘ ਹੌਲਦਾਰ ਵਾਸੀ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਤਿੰਨਾਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।
ਚੌਥੇ ਦੋਸ਼ੀ ਹੌਲਦਾਰ ਜਸਵੰਤ ਸਿੰਘ ਪਿੰਡ ਬੀਰੇਵਾਲਾ ਜ਼ਿਲ੍ਹਾ ਮਾਨਸਾ ਜੋ ਕਿ ਅੱਜਕੱਲ੍ਹ ਕੈਨੇਡਾ ਚਲਿਆ ਗਿਆ ਹੈ, ਨੂੰ ਮਾਣਯੋਗ ਜੱਜ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੇ ਬੈਂਚ ਵੱਲੋਂ 20 ਨਵੰਬਰ 2024 ਨੂੰ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।