ਲੁਧਿਆਣਾ, 6 ਸਤੰਬਰ (ਪੰਜਾਬ ਮੇਲ)- ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਡਾਕਟਰਾਂ ਨੇ 9 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ, ਇਸ ਨਾਲ ਸੂਬੇ ਵਿਚ ਡਾਕਟਰੀ ਸੇਵਾਵਾਂ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਕਾਰਨ ਡਾਕਟਰਾਂ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
ਹੜਤਾਲ ਬਾਰੇ ਪਹਿਲਾਂ ਹੀ ਸੂਚਿਤ ਕਰਨ ਲਈ ਡਾਕਟਰ ਮਰੀਜ਼ਾਂ ਨੂੰ ਓ.ਪੀ.ਡੀ. ਦੀਆਂ ਪਰਚੀਆਂ ਦੇ ਨਾਲ ਹੜਤਾਲ ਦੌਰਾਨ ਆਪਣੀਆਂ ਮੰਗਾਂ ਦਾ ਇੱਕ ਪਰਚਾ ਵੀ ਵੰਡ ਰਹੇ ਹਨ।
ਪੀ.ਸੀ.ਐੱਮ.ਐੱਸ.ਏ. ਦੇ ਸੂਬਾ ਪ੍ਰਧਾਨ ਅਖਿਲ ਸਰੀਨ ਨੇ ਕਿਹਾ ਕਿ ਡਾਕਟਰ 6 ਅਤੇ 7 ਸਤੰਬਰ ਨੂੰ ਹਾਜ਼ਰ ਹੋਣ ਵਾਲੇ ਸਾਰੇ ਓ.ਪੀ.ਡੀ. ਮਰੀਜ਼ਾਂ ਨੂੰ ਘੱਟੋ-ਘੱਟ ਦੋ ਤੋਂ ਤਿੰਨ ਹਫ਼ਤਿਆਂ ਦੀਆਂ ਦਵਾਈਆਂ ਲਿਖ ਕੇ ਦੇ ਰਹੇ ਹਨ, ਤਾਂ ਜੋ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਅਣਮਿੱਥੇ ਸਮੇਂ ਲਈ ਸੇਵਾਵਾਂ ਨੂੰ ਮੁਅੱਤਲ ਕਰਨ ਵਿਚ ਸਫ਼ਲਤਪੂਰਵਕ ਮਦਦ ਕੀਤੀ ਜਾ ਸਕੇ।
ਡਾਕਟਰਾਂ ਦੀਆਂ ਮੰਗਾਂ ਵਿਚ ਤਰੱਕੀ, ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਅਤੇ ਹੋਰ ਮੰਗਾਂ ਦੇ ਨਾਲ ਕੰਮ ਵਾਲੀ ਥਾਂ ‘ਤੇ ਸੁਰੱਖਿਆ ਦੇ ਮੁੱਦੇ ਸ਼ਾਮਲ ਹਨ।
ਐਸੋਸੀਏਸ਼ਨ ਪ੍ਰਧਾਨ ਅਖਿਲ ਨੇ ਕਿਹਾ ਕਿ ਸੂਬੇ ਵਿਚ ਸਰਕਾਰੀ ਸਿਹਤ ਸੰਸਥਾਵਾਂ ਲੋੜ ਤੋਂ ਅੱਧੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਮਰੀਜ਼ਾਂ ਨੂੰ ਦੇਖਣ ਤੋਂ ਇਲਾਵਾ, ਡਾਕਟਰਾਂ ਨੂੰ ਹੋਰ ਜ਼ਿੰਮੇਵਾਰੀਆਂ ਜਿਵੇਂ ਕਿ ਵੀ.ਆਈ.ਪੀ. ਅਤੇ ਐਮਰਜੈਂਸੀ ਡਿਊਟੀਆਂ, ਪੋਸਟਮਾਰਟਰਮ ਅਤੇ ਮੈਡੀਕੋ ਕਾਨੂੰਨੀ ਕੇਸਾਂ ਦਾ ਬੋਝ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡਾਕਟਰਾਂ ਦੀਆਂ 4600 ਮਨਜ਼ੂਰ ਅਸਾਮੀਆਂ ਹਨ, ਜਿਨ੍ਹਾਂ ਵਿਚੋਂ 2800 ਖਾਲੀ ਪਈਆਂ ਹਨ।
ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਇੱਕ ਹੋਰ ਵੱਡੀ ਮੰਗ ਵਿਚ ਕੰਮ ਵਾਲੀਆਂ ਥਾਵਾਂ ‘ਤੇ ਹਰ ਸਮੇਂ ਸੁਰੱਖਿਆ ਸ਼ਾਮਲ ਹੈ ਕਿਉਂਕਿ ਉਨ੍ਹਾਂ ਨੂੰ ਅਕਸਰ ਗੁੱਸੇ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਾਰ ਝੱਲਣੀ ਪੈਂਦੀ ਹੈ।