#OTHERS

ਪਿਸ਼ਾਵਰ ‘ਚ ਕਤਲ ਕੀਤੇ ਸਿੱਖ ਦਾ ਦਰਿਆ ਅਟਕ ਕੰਢੇ ਹੋਇਆ ਸਸਕਾਰ

ਪਿਸ਼ਾਵਰ, 27 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਪਿਸ਼ਾਵਰ ਵਿਖੇ ਇਲਾਕਾ ਬਾੜਾ ਵਿਖੇ ਸ਼ਨਿੱਚਰਵਾਰ ਨੂੰ ਸਿੱਖ ਦੁਕਾਨਦਾਰ ਮਨਮੋਹਨ ਸਿੰਘ ਦਾ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਕਤਲ ਕੀਤਾ ਸੀ। ਐਤਵਾਰ ਨੂੰ ਦਰਿਆ ਅਟਕ ਕੰਢੇ ਵੱਡੀ ਗਿਣਤੀ ‘ਚ ਪਾਕਿਸਤਾਨੀ ਸਿੱਖਾਂ ਦੀ ਮੌਜੂਦਗੀ ‘ਚ ਸਸਕਾਰ ਕਰ ਦਿੱਤਾ ਗਿਆ।
ਇਸ ਸਬੰਧੀ ਪਿਸ਼ਾਵਰ ਤੋਂ ਬਾਬਾ ਗੁਰਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਕਾਸਮੈਟਿਕਸ ਦੀ ਦੁਕਾਨ ਕਰਦਾ ਸੀ। ਸ਼ਨਿੱਚਰਵਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ‘ਚ ਵੱਸਦੇ ਸਿੱਖ ਵੱਡੀ ਗਿਣਤੀ ‘ਚ ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਵਿਖੇ ਪੁੱਜੇ। ਪਿਸ਼ਾਵਰ ਤੋਂ 100 ਕਿਲੋਮੀਟਰ ਦੂਰੀ ਸਥਿਤ ਦਰਿਆ ਅਟਕ ਕੰਢੇ ਵੱਡੀ ਗਿਣਤੀ ਸਿੱਖ ਭਾਈਚਾਰੇ ਦੀ ਮੌਜੂਦਗੀ ‘ਚ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ‘ਤੇ ਮਨਮੋਹਨ ਸਿੰਘ ਦੀ ਹੱਤਿਆ ਕੀਤੀ ਗਈ, ਉਸ ਜਗ੍ਹਾ ਦਾ ਨਾਂ ਬਾੜਾ ਸ਼ਹਿਰ ਹੈ। ਉਹ ਪਿਸ਼ਾਵਰ ਤੋਂ ਸਿਰਫ਼ 2-3 ਕਿਲੋਮੀਟਰ ਦੂਰ ਖ਼ੈਬਰ ਏਜੰਸੀ ਦਾ ਖ਼ਤਰਨਾਕ ਇਲਾਕਾ ਹੈ, ਜਿੱਥੇ ਸਿੱਖਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਕੰਮ ਕਰਨ ਦੀ ਜਾਂ ਰਹਿਣ ਦੀ ਮਨਾਹੀ ਹੈ। ਇਸ ਦੇ ਬਾਵਜੂਦ ਸਿੱਖ ਧਰਮ ਦੇ ਲੋਕ ਕਾਸਮੈਟਿਕਸ, ਕਰਿਆਨੇ, ਰਾਸ਼ਨ ਅਤੇ ਹਕੀਮ ਦੀਆਂ ਦੁਕਾਨ ਕਰਦੇ ਹਨ। ਇਨ੍ਹਾਂ ਦੁਕਾਨਦਾਰਾਂ ਨੂੰ ਅੱਤਵਾਦੀਆਂ ਵੱਲੋਂ ਇਥੇ ਕੰਮ ਨਾ ਕਰਨ ਦੀ ਚਿਤਾਵਨੀ ਦਿੱਤੀ ਜਾਂਦੀ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਅੱਤਵਾਦੀਆਂ ਨੇ ਕਤਲ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਇਸ ਸਬੰਧੀ ਇਨਸਾਫ਼ ਨਹੀਂ ਮਿਲਿਆ।

Leave a comment