#INDIA

ਪਾਕਿ ਤੇ ਅਫ਼ਗ਼ਾਨਿਸਤਾਨ ‘ਚ ਸਿੱਖ ਭਾਈਚਾਰੇ ‘ਤੇ ਹੋਣ ਵਾਲੀਆਂ ਜ਼ੁਲਮ-ਜ਼ਿਆਦਤੀਆਂ ਦੀਆਂ ਰਿਪੋਰਟਾਂ ‘ਤੇ ਨਿਯਮਤ ਤੌਰ ‘ਤੇ ਨਜ਼ਰ ਰੱਖਦੈ ਭਾਰਤ: ਕੇਂਦਰ ਸਰਕਾਰ

ਨਵੀਂ ਦਿੱਲੀ, 4 ਅਪ੍ਰੈਲ (ਪੰਜਾਬ ਮੇਲ)- ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ‘ਚ ਸਿੱਖ ਭਾਈਚਾਰੇ ‘ਤੇ ਹੋਣ ਵਾਲੀਆਂ ਜ਼ੁਲਮ-ਜ਼ਿਆਦਤੀਆਂ ਦੀਆਂ ਰਿਪੋਰਟਾਂ ‘ਤੇ ਨਿਯਮਤ ਤੌਰ ‘ਤੇ ਨਜ਼ਰ ਰੱਖਦੀ ਹੈ। ਵਿਦੇਸ਼ ਰਾਜ ਮੰਤਰੀ ਸਿੰਘ ਨੇ ਰਾਜ ਸਭਾ ਵਿਚ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਜ਼ੁਲਮਾਂ ਦੇ ਅੰਕੜੇ ਰੱਖਦਾ ਹੈ ਅਤੇ ਵਿਦੇਸ਼ ਮੰਤਰਾਲੇ ਵੱਲੋਂ ਦੁਨੀਆਂ ਭਰ ਵਿਚ ਸਿੱਖਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਕੀ ਹੈ?
ਇਸ ‘ਤੇ ਮੰਤਰੀ ਨੇ ਕਿਹਾ, ”ਭਾਰਤ ਸਰਕਾਰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਅੱਤਿਆਚਾਰਾਂ ਦੀਆਂ ਰਿਪੋਰਟਾਂ ‘ਤੇ ਨਿਯਮਤ ਤੌਰ’ ਤੇ ਨਜ਼ਰ ਰੱਖਦੀ ਹੈ। ਪਾਕਿਸਤਾਨ ਵਿਚ ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਅੱਤਿਆਚਾਰਾਂ ਵਿਚ ਪਰੇਸ਼ਾਨੀ, ਧਮਕਾਉਣਾ, ਜਬਰੀ ਵਿਆਹ, ਜਬਰੀ ਧਰਮ ਪਰਿਵਰਤਨ, ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਭੰਨ-ਤੋੜ ਆਦਿ ਸ਼ਾਮਲ ਹਨ। ਕੂਟਨੀਤਕ ਮਾਧਿਅਮਾਂ ਰਾਹੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘੱਟ ਗਿਣਤੀ ਭਾਈਚਾਰਿਆਂ ਸਮੇਤ ਆਪਣੇ ਨਾਗਰਿਕਾਂ ਪ੍ਰਤੀ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਵੇ ਅਤੇ ਫਿਰਕੂ ਹਿੰਸਾ, ਅਤਿਅੰਤ ਪੱਖਪਾਤ ਅਤੇ ਧਾਰਮਿਕ ਅਸਹਿਣਸ਼ੀਲਤਾ ਨੂੰ ਖਤਮ ਕਰੇ।”
ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ‘ਚ 2021 ਤੋਂ ਸੁਰੱਖਿਆ ਹਾਲਾਤ ਵਿਚ ‘ਤੇਜ਼ੀ ਨਾਲ ਆਈ ਗਿਰਾਵਟ’ ਦੇ ਮੱਦੇਨਜ਼ਰ ‘ਅਪਰੇਸ਼ਨ ਦੇਵੀ ਸ਼ਕਤੀ’ ਤਹਿਤ ਮੁਲਕ ਵਿਚੋਂ ‘ਘੱਟਗਿਣਤੀ ਭਾਈਚਾਰਿਆਂ ਦੇ 74 ਮੈਂਬਰਾਂ ਨੂੰ ਹਵਾਈ ਫ਼ੌਜ ਤੇ ਏਅਰ ਇੰਡੀਆ ਦੀਆਂ ਉਡਾਣਾਂ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ’, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਸਨ।
ਉਨ੍ਹਾਂ ਨੇ ਕਿਹਾ ਕਿ ਭਾਰਤ, ਵਿਦੇਸ਼ਾਂ ਵਿਚ ਆਪਣੇ ਸਫ਼ਾਰਤੀ ਮਿਸ਼ਨਾਂ ਅਤੇ ਪੋਸਟਾਂ ਰਾਹੀਂ, ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ, ਸਲਾਮਤੀ ਅਤੇ ਭਲਾਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਮੇਜ਼ਬਾਨ ਸਰਕਾਰਾਂ ਨਾਲ ਸੰਪਰਕ ਵਿਚ ਰਹਿੰਦਾ ਹੈ।