ਫੈਡਰਲ ਗ੍ਰਹਿ ਰਾਜ ਮੰਤਰੀ ਨੇ ਕੀਤੀ ਹਮਲਿਆਂ ਦੀ ਨਿਖੇਧੀ; ਹਮਲਾਵਰਾਂ ਨੂੰ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ; ਅਪ੍ਰੈਲ ਮਹੀਨੇ ‘ਚ ਹੋਏ 20 ਦੇ ਕਰੀਬ ਹਮਲੇ
ਲਾਹੌਰ, 19 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਹਕੂਮਤ ਨੇ ਸ਼ਨਿੱਚਰਵਾਰ ਨੂੰ ਖੁਲਾਸਾ ਕੀਤਾ ਕਿ ਇਸ ਮਹੀਨੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿਚ ਅਮਰੀਕੀ ਫਾਸਟ-ਫੂਡ ਚੇਨਾਂ ਦੇ ਘੱਟੋ-ਘੱਟ 20 ਆਉਟਲੈਟਾਂ ‘ਤੇ ਧਾਰਮਿਕ ਕੱਟੜਪੰਥੀਆਂ ਨੇ ਹਮਲੇ ਕੀਤੇ ਹਨ। ਅਜਿਹੇ ਹਮਲਿਆਂ ਵਿਚ ਕੇ.ਐੱਫ਼.ਸੀ. ਆਉਟਲੈਟਾਂ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਕਰੀਬ 160 ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਆਦਾਤਰ ਹਮਲਿਆਂ ਵਿਚ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਕਾਰਕੁਨ ਸ਼ਾਮਲ ਦੱਸੇ ਜਾਂਦੇ ਸਨ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਸ਼ਨਿੱਚਰਵਾਰ ਨੂੰ ਇੱਥੋਂ ਨੇੜੇ ਇੱਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਸਰਕਾਰ ਜਾਨ-ਮਾਲ ਦੀ ਰੱਖਿਆ ਕਰੇਗੀ, ਭਾਵੇਂ ਉਹ ਪਾਕਿਸਤਾਨੀ ਕਾਰੋਬਾਰਾਂ ਦੇ ਹੋਣ ਜਾਂ ਇੱਥੇ ਨਿਵੇਸ਼ ਕਰਨ ਵਾਲੇ ਵਿਦੇਸ਼ੀਆਂ ਦੇ।
ਉਨ੍ਹਾਂ ਕਿਹਾ, ”ਜੋ ਵੀ ਅਜਿਹੇ ਆਉਟਲੈਟਾਂ ‘ਤੇ ਹਮਲਾ ਕਰੇਗਾ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।” ਹਾਲਾਂਕਿ ਇਸ ਦੌਰਾਨ ਉਹ ਟੀ.ਐੱਲ.ਪੀ. ਨੂੰ ਕਲੀਨ ਚਿੱਟ ਦਿੰਦੇ ਹੋਏ ਦਿਖਾਈ ਦਿੱਤੇ ਕਿਉਂਕਿ ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਧਾਰਮਿਕ-ਰਾਜਨੀਤਿਕ ਪਾਰਟੀਆਂ, ਨੇ ਅਜਿਹੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ।
ਉਨ੍ਹਾਂ ਦਾਅਵਾ ਕੀਤਾ, ”ਕੁਝ ਪਾਰਟੀ ਦੇ ਵਰਕਰ ਆਪਣੀ ਨਿੱਜੀ ਹੈਸੀਅਤ ਵਿਚ ਮੌਜੂਦ ਹੋ ਸਕਦੇ ਹਨ, ਪਰ ਕੋਈ ਵੀ ਪਾਰਟੀ ਇਸ ਅਪਰਾਧ ਨਾਲ ਜੁੜੀ ਨਹੀਂ ਹੈ। ਦਰਅਸਲ, ਧਾਰਮਿਕ ਅਤੇ ਹੋਰ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪ ਨੂੰ ਇਸ ਸਭ ਕਾਸੇ ਤੋਂ ਲਾਂਭੇ ਕਰ ਲਿਆ ਹੈ।”
ਵਜ਼ੀਰ ਨੇ ਕਿਹਾ ਕਿ ਹਾਲ ਹੀ ਵਿਚ ਪਾਕਿਸਤਾਨ ਭਰ ਵਿਚ ਵੱਖ-ਵੱਖ ਥਾਵਾਂ ‘ਤੇ ਕੇ.ਐੱਫ.ਸੀ. ‘ਤੇ ਲਗਭਗ 20 ਹਮਲੇ ਹੋਏ ਹਨ ਅਤੇ ਦੇਸ਼ ਵਿਚ ਕੇ.ਐੱਫ.ਸੀ. ‘ਤੇ ਹਮਲਿਆਂ ਦੇ ਸਬੰਧ ਵਿਚ ਕੁੱਲ 160 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਹਮਲਾਵਰਾਂ ਨੇ ਆਪਣੇ ਅਪਰਾਧਾਂ ਨੂੰ ਕਬੂਲ ਕੀਤਾ ਹੈ ਅਤੇ ਵੀਡੀਓ ਬਿਆਨਾਂ ਵਿਚ ਇਸ ‘ਤੇ ਅਫਸੋਸ ਪ੍ਰਗਟਾਇਆ ਹੈ।
ਮੰਤਰੀ ਨੇ ਕਿਹਾ ਕਿ ਕੇ.ਐੱਫ.ਸੀ. ਦਾ ਮਾਲਕ ਇੱਕ ਪਾਕਿਸਤਾਨੀ ਮੁਸਲਮਾਨ ਹੈ। ਉਨ੍ਹਾਂ ਕਿਹਾ, ”ਕੇ.ਐੱਫ.ਸੀ. ਦਾ ਪੂਰਾ ਪ੍ਰਬੰਧਨ ਪਾਕਿਸਤਾਨ ਤੋਂ ਹੈ। ਉਹ ਜੋ ਵੀ ਚੀਜ਼ਾਂ ਵਰਤਦੇ ਹਨ, ਉਨ੍ਹਾਂ ਨੂੰ ਪਾਕਿਸਤਾਨੀ ਵਿਕਰੇਤਾਵਾਂ, ਦੁਕਾਨਦਾਰਾਂ ਅਤੇ ਬਾਜ਼ਾਰਾਂ ਤੋਂ ਖਰੀਦਦੇ ਹਨ। ਇਸਦਾ ਸਾਰਾ ਮੁਨਾਫਾ ਵੀ ਪਾਕਿਸਤਾਨ ਦੇ ਅੰਦਰ ਹੀ ਰਹਿੰਦਾ ਹੈ।” ਉਨ੍ਹਾਂ ਕਿਹਾ ਕਿ ਕੇ.ਐੱਫ.ਸੀ. ਨੇ ਪਾਕਿਸਤਾਨ ਵਿਚ 10 ਕਰੋੜ ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਅਜਿਹੀਆਂ ਕੌਮਾਂਤਰੀ ਫੂਡ ਚੇਨਾਂ 100 ਫ਼ੀਸਦੀ ਟੈਕਸ ਅਦਾ ਕਰਦੀਆਂ ਹਨ, ਇਸ ਲਈ ਇਨ੍ਹਾਂ ਉਤੇ ਹਮਲੇ ਨਹੀਂ ਹੋਣੇ ਚਾਹੀਦੇ।
ਪਾਕਿ ‘ਚ ਅਮਰੀਕੀ ਫਾਸਟ ਫੂਡ ਆਉਟਲੈਟਸ ‘ਤੇ ਕੱਟੜਪੰਥੀਆਂ ਵੱਲੋਂ ਹਮਲੇ; 1 ਮੁਲਾਜ਼ਮ ਦੀ ਮੌਤ
