#OTHERS

ਪਾਕਿਸਤਾਨ: ਹੁੱਲਡ਼ਬਾਜ਼ਾਂ ਨੇ ਗੁਰਦੁਆਰੇ ਵਿੱਚ ਕੀਰਤਨ ਬੰਦ ਕਰਵਾਇਆ

ਸੱਖਰ, 2 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਸੱਖਰ ਵਿੱਚ ਸ਼ਰਾਰਤੀ ਅਨਸਰਾਂ ਨੇ ਜਬਰਦਸਤੀ ਗੁਰਦੁਆਰਾ ਸਿੰਘ ਸਭਾ ਵਿਖੇ ਦਾਖ਼ਲ ਹੋ ਕੇ ਰਾਗੀ ਸਿੰਘਾਂ ਨਾਲ ਦੁਰਵਿਹਾਰ ਕੀਤਾ ਅਤੇ ਉਨ੍ਹਾਂ ਨੂੰ ਕੀਰਤਨ ਬੰਦ ਕਰਨ ਲਈ ਕਿਹਾ। ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਕਈ ਸਥਾਨਕ ਸਿੱਖਾਂ ਅਤੇ ਹਿੰਦੂਆਂ ਨੇ ਦੋਸ਼ ਲਾਇਆ ਕਿ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਦੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਹਵਾਲੇ ਕੀਤੇ ਬਦਮਾਸ਼ਾਂ ਨੂੰ ਜਾਂਚ ਅਤੇ ਪੁੱਛ ਪੜਤਾਲ ਕੀਤੇ ਬਗ਼ੈਰ ਛੱਡ ਦਿੱਤਾ ਗਿਆ। ਗੁਰਦੁਆਰੇ ਦੇ ਰਾਗੀ ਅਜੈ ਸਿੰਘ ਨੇ ਦੱਸਿਆ ਕਿ ਉਹ ਕੀਰਤਨ ਕਰ ਰਿਹਾ ਸੀ ਕਿ ਅਚਾਨਕ ਲਾਊਡਸਪੀਕਰ ਦੀ ਆਵਾਜ਼ ਘਟ ਗਈ। ਗੁਰਦੁਆਰੇ ਵਿੱਚ ਰੌਲਾ-ਰੱਪਾ ਪੈ ਗਿਆ। ਕੁੱਝ ਲੋਕਾਂ ਨੇ ਜਬਰੀ ਕੀਰਤਨ ਬੰਦ ਕਰਵਾਇਆ। ਉਨ੍ਹਾਂ ਕਿਹਾ, ‘‘ਸਾਡੇ ਪੁਰਖੇ ਪਿਛਲੇ 100 ਸਾਲਾਂ ਤੋਂ ਇਸ ਗੁਰਦੁਆਰੇ ਵਿੱਚ ਪਾਠ ਤੇ ਕੀਰਤਨ ਕਰਦੇ ਆ ਰਹੇ ਹਨ। ਅਸੀਂ ਕਦੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਦਿੱਤੀ। ਕੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਅਜਿਹਾ ਸਲੂੁਕ ਹੁੰਦਾ ਹੈ?’’

ਸਿੱਖਾਂ ਅਤੇ ਹਿੰਦੂਆਂ ਨੇ ਪੁਲੀਸ ’ਤੇ ਦੋਸ਼ ਲਾਉਦਿਆਂ ਕਿਹਾ ਕਿ ਇਸ ਘਟਨਾ ਸਬੰਧੀ ਨਾ ਤਾਂ ਐੱਫਆਈਆਰ ਦਰਜ ਕੀਤੀ ਗੲੀ ਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾੲੀਚਾਰੇ ਦੇ ਲੋਕ ਪਾਕਿਸਤਾਨ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸੇ ਮਹੀਨੇ 24 ਜੂਨ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਦੇ ਯਾਕਾਤੂਤ ਇਲਾਕੇ ਵਿੱਚ ਹਥਿਆਰਬੰਦ ਮੋਟਰਸਾੲੀਕਲ ਸਵਾਰਾਂ ਨੇ ਇੱਕ ਸਿੱਖ ਦੁਕਾਨਦਾਰ ਮਨਮੋਹਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇੱਕ ਦਿਨ ਪਹਿਲਾਂ ਪਿਸ਼ਾਵਰ ਵਿੱਚ ਤਰਲੋਕ ਸਿੰਘ ਨਾਂ ਦੇ ਸਿੱਖ ’ਤੇ ਹਮਲਾ ਕੀਤਾ ਗਿਆ ਸੀ। ਐੱਨਜੀਓ ਯੂਨਾੲੀਟਿਡ ਸਿੱਖਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਅਤੇ ਸਿੱਖਾਂ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਤੋਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾੳੁਣ ਦੀ ਮੰਗ ਕੀਤੀ ਹੈ।

Leave a comment