ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੈਸ਼ਨਲ ਅਸੈਂਬਲੀ ਦੇ 22ਵੇਂ ਸਪੀਕਰ ਨਿਯੁਕਤ

227
Share

ਇਸਲਾਮਾਬਾਦ, 17 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੂੰ ਸ਼ਨੀਵਾਰ ਨੂੰ ਨੈਸ਼ਨਲ ਅਸੈਂਬਲੀ ਦਾ 22ਵਾਂ ਸਪੀਕਰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਉਨ੍ਹਾਂ ਦੀ ਚੋਣ ਬਿਨਾਂ ਵਿਰੋਧ ਹੋਈ ਹੈ। ਸੈਸ਼ਨ ਦੀ ਸ਼ੁਰੂਆਤ ’ਚ ਇਸ ਦੀ ਪ੍ਰਧਾਨਗੀ ਕਰਨ ਵਾਲੇ ਪੀ.ਐੱਮ.ਐੱਲ.-ਐੱਨ. ਦੇ ਅਯਾਜ਼ ਸਾਦਿਕ ਨੇ ਪਾਕਿਸਤਾਨ ਪੀਪੁਲਸ ਪਾਰਟੀ (ਪੀ.ਪੀ.ਪੀ.) ਦੇ ਨੇਤਾ ਅਸ਼ਰਫ਼ (71) ਨੂੰ ਸਹੁੰ ਚੁਕਾਈ ਸੀ।
ਅਸ਼ਰਫ਼ ਨੂੰ ਸ਼ੁੱਕਰਵਾਰ ਨੂੰ ਸਦਨ ਦਾ ਸਪੀਕਰ ਚੁਣਿਆ ਗਿਆ ਸੀ ਕਿਉਂਕਿ ਦੁਪਹਿਰ 12ਵਜੇ ਤੱਕ ਸਮਾਂ ਸੀਮਾ ਖ਼ਤਮ ਹੋਣ ਤੱਕ ਕਿਸੇ ਵੀ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤਾ ਸੀ। ਅਹੁਦੇ ਤੋਂ ਬੇਦਖ਼ਲ ਪ੍ਰਧਾਨ ਮੰਤਰੀ ਖਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ ਨਾਲ ਸਬੰਧਿਤ ਸੁਪਰੀਮ ਕੋਰਟ ਦੇ ਹੁਕਮ ’ਤੇ ਅਮਲ ਕਰਨ ’ਚ ਅਸਫ਼ਲ ਰਹਿਣ ਤੋਂ ਬਾਅਦ 9 ਅਪ੍ਰੈਲ ਨੂੰ ਅਸਦ ਕੈਸਰ ਨੇ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਤਾਂ ਉਸ ਵੇਲੇ ਤੋਂ ਇਹ ਅਹੁਦਾ ਖਾਲ੍ਹੀ ਹੈ।
ਨੈਸ਼ਨਲ ਅਸੈਂਬਲੀ ’ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੈਂਬਰ ਅਤੇ ਸਦਨ ਦੇ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਵਿਰੁੱਧ ਬੇਭਰੋਸਗੀ ਪ੍ਰਸਤਾਵ ’ਤੇ ਵੀ ਚਰਚਾ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਸ਼ਨੀਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੂਰੀ ਨੇ ਖਾਨ ਵਿਰੁੱਧ ਬੇਭਰੋਸਗੀ ਪ੍ਰਸਤਾਵ ਨੂੰ ਅਸੰਵਿਧਾਨਕ ਦੱਸਦੇ ਹੋਏ ਖਾਰਿਜ ਕਰ ਦਿੱਤਾ ਸੀ।

Share