#Featured

ਪਾਕਿਸਤਾਨ ‘ਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ

* ਜਨਗਣਨਾ ਸੂਚੀ ‘ਚ ਸਿੱਖ ਭਾਈਚਾਰੇ ਨੂੰ 6 ਨੰਬਰ ਕਾਲਮ ‘ਚ ਕੀਤਾ ਦਰਜ
ਅੰਮ੍ਰਿਤਸਰ, 30 ਮਾਰਚ (ਪੰਜਾਬ ਮੇਲ)-ਦੇਸ਼ ਦੀ ਵੰਡ ਦੇ 76 ਵਰ੍ਹਿਆਂ ਬਾਅਦ ਪਾਕਿਸਤਾਨ ‘ਚ ਪਹਿਲੀ ਵਾਰ ਉਥੇ ਰਹਿ ਰਹੇ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ। ਪਾਕਿ ਸਿੱਖ ਭਾਈਚਾਰੇ ਨੂੰ ਜਨਗਣਨਾ ਦੇ ਫਾਰਮਾਂ ਵਿਚ ਕਾਲਮ ਨੰਬਰ 6 ‘ਚ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਸਲਮਾਨ, ਈਸਾਈ, ਹਿੰਦੂ, ਕਾਦਿਆਨੀ/ ਅਹਿਮਦੀ, ਦਲਿਤ ਲਈ ਕ੍ਰਮਵਾਰ ਵੱਖੋ-ਵੱਖਰੇ ਕਾਲਮ ਬਣਾਏ ਗਏ ਹਨ। ਪਿਸ਼ਾਵਰੀ ਸਿੱਖ ਸੰਗਤ ਦੇ ਆਗੂ ਗੁਰਪਾਲ ਸਿੰਘ ਨੇ ਦੱਸਿਆ ਕਿ ਕੁਝ ਮੀਡੀਆ ਅਦਾਰੇ ਮਰਦਮਸ਼ੁਮਾਰੀ ਦੇ ਪੁਰਾਣੇ ਫਾਰਮਾਂ ਦੀਆਂ ਤਸਵੀਰਾਂ ਜਨਤਕ ਕਰਕੇ ਝੂਠੇ ਦਾਅਵੇ ਕਰ ਰਹੇ ਹਨ ਕਿ ਪਾਕਿ ਦੀ ਡਿਜੀਟਲ ਜਨਗਣਨਾ ‘ਚ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦਕਿ ਹਿੰਦੂਆਂ ਨੂੰ ਅਨੁਸੂਚਿਤ ਜਾਤੀ ਵਜੋਂ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਾਕਿ ‘ਚ ਸਿੱਖਾਂ ਦੀ ਕੁੱਲ ਆਬਾਦੀ 74 ਹਜ਼ਾਰ ਤੋਂ ਵੀ ਵਧੇਰੇ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜਨਗਣਨਾ ਡਿਜੀਟਲ ਤੌਰ ‘ਤੇ ਕੀਤੀ ਜਾ ਰਹੀ ਹੈ ਅਤੇ ਆਨਲਾਈਨ ਨਵੇਂ ਫਾਰਮਾਂ ‘ਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਦਿਆਂ ਉਨ੍ਹਾਂ ਲਈ ਵੱਖਰਾ ਕਾਲਮ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਨਗਣਨਾ ਦੇ ਨਵੇਂ ਫਾਰਮ ਸਿਰਫ਼ ਆਨ-ਲਾਈਨ ਉਪਲੱਬਧ ਹਨ, ਜਦਕਿ ਸੰਬੰਧਿਤ ਵਿਭਾਗ ਦੀ ਟੀਮ ਨੂੰ ਜੋ ਲੋਕ ਮੌਕੇ ‘ਤੇ ਘਰਾਂ ‘ਚ ਨਹੀਂ ਮਿਲਦੇ, ਉਨ੍ਹਾਂ ਨੂੰ ਫਿਲਹਾਲ ਪੁਰਾਣੇ ਫਾਰਮਾਂ ‘ਤੇ ਹੀ ਆਪਣੀ ਜਾਣਕਾਰੀ ਲਿਖਣ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਬਾਅਦ ‘ਚ ਅਧਿਕਾਰੀ ਉਨ੍ਹਾਂ ਦੀ ਖ਼ੁਦ ਆਨ-ਲਾਈਨ ਐਂਟਰੀ ਕਰ ਸਕਣ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਸ਼ਾਵਰ ਹਾਈ ਕੋਰਟ ‘ਚ ਗੁਰਪਾਲ ਸਿੰਘ ਸਮੇਤ 5 ਹੋਰਨਾਂ ਸਿੱਖਾਂ ਵੱਲੋਂ 23 ਮਾਰਚ, 2017 ਨੂੰ ਦਾਇਰ ਕੀਤੀ ਪਟੀਸ਼ਨ ਦੇ ਲਗਭਗ ਸਾਢੇ 5 ਸਾਲ ਬਾਅਦ ਸੁਪਰੀਮ ਕੋਰਟ ‘ਚ ਮਾਮਲਾ ਪਹੁੰਚਣ ‘ਤੇ ਜੱਜ ਨੇ ਚੀਫ਼ ਮਰਦਮਸ਼ੁਮਾਰੀ ਕਮਿਸ਼ਨਰ, ਪਾਕਿਸਤਾਨ ਬਿਊਰੋ ਆਫ਼ ਸਟੈਟਿਕਸ ਅਤੇ ਸੰਬੰਧਿਤ ਮੰਤਰਾਲੇ ਨੂੰ ਨੋਟਿਸ ਜਾਰੀ ਕਰਦਿਆਂ ਇਹ ਹੁਕਮ ਕੀਤਾ ਕਿ ਸਿੱਖਾਂ ਨੂੰ ਜਨਗਣਨਾ ਸੂਚੀ ‘ਚ ‘ਅਦਰ’ (ਹੋਰਨਾਂ) ਦੀ ਬਜਾਏ ਵੱਖਰੇ ਤੌਰ ‘ਤੇ ਸ਼ਾਮਲ ਕੀਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਜਨਗਣਨਾ ਮੁਤਾਬਕ ਪਾਕਿ ‘ਚ ਸਿੱਖ ਭਾਈਚਾਰੇ ਦੀ ਕੁੱਲ ਆਬਾਦੀ 18 ਹਜ਼ਾਰ ਦੇ ਲਗਭਗ ਅਤੇ ਸਿੱਖ ਵੋਟਰਾਂ ਦੀ ਗਿਣਤੀ 6193 ਸੀ। ਇਨ੍ਹਾਂ ‘ਚੋਂ ਸੂਬਾ ਖ਼ੈਬਰ ਪਖਤੂਨਖਵਾ ‘ਚ 2597, ਸਿੰਧ 1477, ਪੰਜਾਬ 1157, ਫਾਟਾ 730, ਬਲੋਚਿਸਤਾਨ 225 ਅਤੇ ਇਸਲਾਮਾਬਾਦ ਵਿਚ 7 ਸਿੱਖ ਵੋਟਰ ਸਨ।

Leave a comment