#OTHERS

ਪਾਕਿਸਤਾਨ ‘ਚ ਸਿੰਧ High Court ਵੱਲੋਂ ‘X’ ਦੀਆਂ ਸੇਵਾਵਾਂ ਬਹਾਲ ਕਰਨ ਦੇ ਨਿਰਦੇਸ਼

ਕਰਾਚੀ, 18 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ‘ਚ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੀਆਂ ਸੇਵਾਵਾਂ ਫਰਵਰੀ ਤੋਂ ਲਗਾਤਾਰ ਮੁਅੱਤਲ ਰੱਖੇ ਜਾਣ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਿੰਧ ਹਾਈ ਕੋਰਟ ਨੇ ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਨੂੰ ਇਕ ਹਫ਼ਤੇ ਦੇ ਅੰਦਰ ਮੁਅੱਤਲੀ ਦੇ ਸਬੰਧ ‘ਚ ਆਪਣਾ ਫ਼ੈਸਲਾ ਰੱਦ ਕਰਨ ਦੇ ਨਿਰਦੇਸ਼ ਦਿੱਤੇ। ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਹਾਈ ਕੋਰਟ ਦੇ ਚੀਫ਼ ਜਸਟਿਸ ਅਕੀਲ ਅਹਿਮਦ ਅੱਬਾਸੀ ਨੇ ‘ਐਕਸ’ ਦੀਆਂ ਸੇਵਾਵਾਂ ‘ਤੇ ਮੁਅੱਤਲੀ ਨੂੰ ਲੈ ਕੇ ਕਈ ਅਰਜ਼ੀਆਂ ‘ਤੇ ਸੁਣਵਾਈ ਕਰਦਿਆਂ ਕਿਹਾ,”ਤੁਸੀਂ (ਗ੍ਰਹਿ ਮੰਤਰਾਲਾ) ਅਜਿਹਾ ਕਰਕੇ ਕੀ ਹਾਸਲ ਕਰ ਰਹੇ ਹੋ।” ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਐਲਨ ਮਸਕ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਦੀਆਂ ਸੇਵਾਵਾਂ ਫਰਵਰੀ ‘ਚ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਰਿਪੋਰਟ ਮੁਤਾਬਕ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੇ ਪਿਛਲੇ ਮਹੀਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ ਗ੍ਰਹਿ ਮੰਤਰਾਲੇ ਅਤੇ ਖ਼ੁਫ਼ੀਆ ਏਜੰਸੀਆਂ ਤੋਂ ਨਿਰਦੇਸ਼ ਮਿਲਣ ਮਗਰੋਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰੋਕ ਲਗਾ ਦਿੱਤੀ ਸੀ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਰੈਗੂਲੇਟਰੀ ਅਦਾਰੇ ਦੇ ਬਿਆਨ ਮਗਰੋਂ ਗ੍ਰਹਿ ਮੰਤਰਾਲੇ ਨੇ ਇਕ ਵੱਖਰੇ ਮਾਮਲੇ ‘ਚ ਇਸਲਾਮਾਬਾਦ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਇੰਟਰਨੈੱਟ ‘ਤੇ ਅਪਲੋਡ ਕੀਤੀ ਗਈ ਸਮੱਗਰੀ ਦੇਸ਼ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗ੍ਰਹਿ ਮੰਤਰਾਲਾ 17 ਫਰਵਰੀ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਵਾਪਸ ਨਹੀਂ ਲੈਂਦਾ ਹੈ ਤਾਂ ਅਦਾਲਤ ਹੁਕਮ ਪਾਸ ਕਰੇਗੀ।