#PUNJAB

Election ਪ੍ਰਚਾਰ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰਾਂ ਦੀ ਗੈਰ-ਹਾਜ਼ਰੀ ‘ਤੇ ਉੱਠਣ ਲੱਗੇ ਸਵਾਲ

ਚੰਡੀਗੜ੍ਹ, 18 ਅਪ੍ਰੈਲ (ਪੰਜਾਬ ਮੇਲ)-ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਸਿਆਸੀ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਜਿੱਥੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿਚ ਸੱਤਾਧਾਰੀ ਧਿਰ ‘ਆਪ’ ਨੇ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਾਰੀਆਂ ਰਾਜਸੀ ਪਾਰਟੀਆਂ ਨੇ ਸੂਬੇ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਚੋਣ ਪ੍ਰਚਾਰ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰਾਂ ਦੀ ਗ਼ੈਰ-ਹਾਜ਼ਰੀ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਕੁਝ ਰਾਜ ਸਭਾ ਮੈਂਬਰਾਂ ਨੇ ਪਹਿਲਾਂ ਹੀ ਰਾਜਸੀ ਗਤੀਵਿਧੀਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੂੰ ਛੱਡ ਕੇ ਬਾਕੀ ਕੋਈ ਵੀ ਰਾਜ ਸਭਾ ਮੈਂਬਰ ਦਿਖਾਈ ਨਹੀਂ ਦੇ ਰਿਹਾ ਹੈ। ਡਾ. ਸੰਦੀਪ ਪਾਠਕ ਵੱਲੋਂ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਅਤੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕਰਕੇ ਰਣਨੀਤੀ ਤਿਆਰ ਕੀਤੀ ਹੈ। ਦੂਜੇ ਪਾਸੇ ਰਾਜ ਸਭਾ ਮੈਂਬਰ ਰਾਘਵ ਚੱਢਾ, ਵਿਕਰਮ ਸਾਹਨੀ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਜੀਵ ਅਰੋੜਾ, ਅਸ਼ੋਕ ਮਿੱਤਲ ਅਤੇ ਹਰਭਜਨ ਸਿੰਘ ਚੋਣ ਸਰਗਰਮੀਆਂ ਵਿਚ ਕਿਤੇ ਵੀ ਦਿਖਾਈ ਨਹੀਂ ਦਿੱਤੇ। ਹੁਣ ਦੇਖਣਾ ਹੋਵੇਗਾ ਕਿ ਇਹ ਰਾਜ ਸਭਾ ਮੈਂਬਰ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਦੇ ਹਨ ਜਾਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਚੋਣ ਮੈਦਾਨ ਵਿਚ ਨਿੱਤਰਨਗੇ ਜਾਂ ਨਹੀਂ। ਇਸ ‘ਤੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਹਨ।