#PUNJAB

ਲੋਕ ਸਭਾ Elections ਲਈ ਪੰਜਾਬ ਤੋਂ ਵੱਖ-ਵੱਖ ਪਾਰਟੀਆਂ ਦੇ Candidates ਦਾ ਐਲਾਨ

ਚੰਡੀਗੜ੍ਹ, 17 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਵੱਖ-ਵੱਖ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਰਕੇ ਇਥੇ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ। ਪੰਜਾਬ ‘ਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ। ਵੱਖ-ਵੱਖ ਪਾਰਟੀਆਂ ਵੱਲੋਂ ਹੁਣ ਤੱਕ ਐਲਾਨੇ ਉਮੀਦਵਾਰਾਂ ‘ਚ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਨੇ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ। ਭਾਜਪਾ ਵੱਲੋਂ ਅਮਰੀਕਾ ‘ਚ ਭਾਰਤ ਦੇ ਸਾਬਕਾ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਅਜ਼ਮਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਮਾਨ (ਅੰਮ੍ਰਿਤਸਰ) ਨੇ ਇਮਾਨ ਸਿੰਘ ਮਾਨ ਨੂੰ ਟਿਕਟ ਦਿੱਤੀ ਹੈ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਅਮਨਸ਼ੇਰ ਸਿੰਘ ਕਲਸੀ, ਭਾਜਪਾ ਵੱਲੋਂ ਦਿਨੇਸ਼ ਬੱਬੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਜੀਤ ਸਿੰਘ ਚੀਮਾ ਚੋਣ ਮੈਦਾਨ ਵਿਚ ਹਨ।
ਫਿਰੋਜ਼ਪੁਰ ਤੋਂ ਹਾਲੇ ਦੋ ਪਾਰਟੀਆਂ ਨੇ ਹੀ ਆਪਣੇ ਉਮੀਦਵਾਰ ਐਲਾਨੇ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਬਰਾੜ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ (ਅੰਮ੍ਰਿਤਸਰ) ਨੇ ਭੁਪਿੰਦਰ ਸਿੰਘ ਭੁੱਲਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਥੋਂ ਆਪਣਾ ਉਮੀਦਵਾਰ ਐਲਾਨਿਆ ਹੈ, ਜਦਕਿ ਪਵਨ ਕੁਮਾਰ ਟੀਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੋਣਗੇ। ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਬਸਪਾ ਵੱਲੋਂ ਬਲਵਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।
ਲੁਧਿਆਣਾ ਤੋਂ ਕਾਂਗਰਸ ਛੱਡ ਕੇ ਆਏ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਇਸ ਵਾਰ ਭਾਜਪਾ ਵੱਲੋਂ ਉਮੀਦਵਾਰ ਹੋਣਗੇ, ਜਦਕਿ ‘ਆਪ’ ਵੱਲੋਂ ਅਸ਼ੋਕ ਪਰਾਸ਼ਰ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।
ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਛੱਡ ਕੇ ਆਈ ਬੀਬੀ ਪਰਨੀਤ ਕੌਰ ਭਾਜਪਾ ਦੀ ਉਮੀਦਵਾਰ ਹੋਵੇਗੀ। ਕਾਂਗਰਸ ਵੱਲੋਂ ਡਾ. ਧਰਮਵੀਰ ਸਿੰਘ ਗਾਂਧੀ, ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਨ.ਕੇ. ਸ਼ਰਮਾ, ‘ਆਪ’ ਵੱਲੋਂ ਡਾ. ਬਲਬੀਰ ਸਿੰਘ ਅਤੇ ਬਸਪਾ ਵੱਲੋਂ ਜਗਜੀਤ ਸਿੰਘ ਛੜਬੜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਬਠਿੰਡਾ ਤੋਂ ‘ਆਮ ਆਦਮੀ ਪਾਰਟੀ’ ਦੇ ਮੌਜੂਦਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਰਸਿਮਰਤ ਕੌਰ ਬਾਦਲ, ਉਮੀਦਵਾਰ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ, ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ (ਅੰਮ੍ਰਿਤਸਰ) ਵੱਲੋਂ ਸਮਾਜ ਸੇਵਕ ਲੱਖਾ ਸਿਧਾਣਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਦੇ ਲਾਲਜੀਤ ਸਿੰਘ ਭੁੱਲਰ, ਭਾਜਪਾ ਦੇ ਮਨਜੀਤ ਸਿੰਘ ਮੰਨਾ, ਸ਼੍ਰੋਮਣੀ ਅਕਾਲੀ ਦਲ ਮਾਨ (ਅੰਮ੍ਰਿਤਸਰ) ਦੇ ਹਰਪਾਲ ਸਿੰਘ ਬਲੇਰ ਚੋਣ ਮੈਦਾਨ ਵਿਚ ਹਨ।
ਫਰੀਦਕੋਟ ਤੋਂ ਭਾਜਪਾ ਵੱਲੋਂ ਹੰਸ ਰਾਜ ਹੰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ, ‘ਆਪ’ ਵੱਲੋਂ ਕਰਮਜੀਤ ਅਨਮੋਲ ਤੋਂ ਇਲਾਵਾ ਇੰਦਰਾ ਗਾਂਧੀ ਕਤਲਕਾਂਡ ਦੇ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ. ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਿਕਰਮਜੀਤ ਸਿੰਘ ਖਾਲਸਾ ਅਤੇ ‘ਆਪ’ ਵੱਲੋਂ ਗੁਰਪ੍ਰੀਤ ਸਿੰਘ ਜੀ.ਪੀ. ਉਮੀਦਵਾਰ ਬਣਾਏ ਗਏ ਹਨ।
ਹੁਸ਼ਿਆਰਪੁਰ ਤੋਂ ਹੁਣ ਤੱਕ ‘ਆਮ ਆਦਮੀ ਪਾਰਟੀ’ ਦੇ ਰਾਜ ਕੁਮਾਰ ਚੱਬੇਵਾਲ ਅਤੇ ਭਾਜਪਾ ਦੇ ਅਨੀਤਾ ਸੋਮ ਪ੍ਰਕਾਸ਼ ਹੀ ਉਮੀਦਵਾਰ  ਐਲਾਨੇ ਗਏ ਹਨ।
ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਪ੍ਰੇਮ ਸਿੰਘ ਚੰਦੂਮਾਜਰਾ ਅਤੇ ‘ਆਪ’ ਵੱਲੋਂ ਮਾਲਵਿੰਦਰ ਸਿੰਘ ਕੰਗ ਚੋਣ ਲੜ ਰਹੇ ਹਨ।
ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੌਜੂਦਾ ਐੱਮ.ਪੀ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਕਬਾਲ ਸਿੰਘ ਝੂੰਡਾ, ‘ਆਪ’ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਚੋਣ ਮੈਦਾਨ ਵਿਚ ਹਨ।
ਵੱਖ-ਵੱਖ ਪਾਰਟੀਆਂ ਵੱਲੋਂ ਕੁੱਝ ਹੋਰ ਉਮੀਦਵਾਰਾਂ ਦਾ ਐਲਾਨ ਕਰਨਾ ਹਾਲੇ ਬਾਕੀ ਹੈ।
ਪੰਜਾਬ ‘ਚ 1 ਜੂਨ ਨੂੰ ਚੋਣਾਂ ਹੋਣੀਆਂ ਹਨ। ਇਸ ਸੰਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਅੰਤਿਮ ਤਰੀਕ 14 ਮਈ ਹੈ। 15 ਮਈ ਨੂੰ ਇਸ ਦੀ ਪੜਤਾਲ ਕੀਤੀ ਜਾਵੇਗੀ ਅਤੇ 17 ਮਈ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। 4 ਜੂਨ ਨੂੰ ਨਤੀਜੇ ਸਾਹਮਣੇ ਆ ਜਾਣਗੇ।