#OTHERS

ਪਾਕਿਸਤਾਨ ‘ਚ ਭੁੱਖਮਰੀ ਦਾ ਕਹਿਰ, ਗਲੋਬਾਲ ਹੰਗਰ ਇੰਡੈਕਸ ‘ਚ ਮਿਲਿਆ 99ਵਾਂ ਸਥਾਨ

ਇਸਲਾਮਾਬਾਦ, 27 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਵਿਚ ਭੁੱਖਮਰੀ ਦਾ ਪੱਧਰ ਵਧਦਾ ਜਾ ਰਿਹਾ ਹੈ। ਗਲੋਬਲ ਹੰਗਰ ਇੰਡੈਕਸ (ਜੀ.ਐੱਚ.ਆਈ.-2022) ‘ਚ ਪਾਕਿਸਤਾਨ ਨੂੰ 121 ਦੇਸ਼ਾਂ ‘ਚੋਂ 99ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਮੰਗਲਵਾਰ ਨੂੰ ਇਸਲਾਮਾਬਾਦ ‘ਚ ਜਾਰੀ ਕੀਤੀ ਗਈ ਰਿਪੋਰਟ ‘ਚ ਦੱਸਿਆ ਗਿਆ ਕਿ ਦੇਸ਼ ਦਾ ਸਕੋਰ 2006 ‘ਚ 38.1 ਤੋਂ ਘੱਟ ਕੇ 2022 ‘ਚ 26.1 ‘ਤੇ ਆ ਗਿਆ ਹੈ, ਜਿਸ ਦਾ ਮਤਲਬ ਹੈ ਕਿ 16 ਸਾਲ ਪਹਿਲਾਂ ਪਾਕਿਸਤਾਨ ਦੀ ਸਥਿਤੀ ਕਾਫੀ ਬਿਹਤਰ ਸੀ। ਮਹਾਮਾਰੀ ਅਤੇ ਹੜ੍ਹਾਂ ਤੋਂ ਬਾਅਦ ਪਾਕਿਸਤਾਨ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ।
ਡਾਨ ਦੀ ਰਿਪੋਰਟ ਅਨੁਸਾਰ ਜਲਵਾਯੂ ਤਬਦੀਲੀ ਅਤੇ ਕੋਰੋਨਾ ਮਹਾਮਾਰੀ ਵਰਗੇ ਵਿਸ਼ਵਵਿਆਪੀ ਸੰਕਟਾਂ ਕਾਰਨ ਪਾਕਿਸਤਾਨ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟਾਂ ਨੇ ਦਿਖਾਇਆ ਹੈ ਕਿ 2021 ਵਿਚ ਲਗਭਗ 828 ਮਿਲੀਅਨ ਲੋਕ ਭੁੱਖਮਰੀ ਤੋਂ ਪੀੜਤ ਸਨ। ਅੰਕੜਿਆਂ ਮੁਤਾਬਕ 2030 ਤੱਕ ਪਾਕਿਸਤਾਨ ਸਮੇਤ 46 ਦੇਸ਼ਾਂ ਵਿਚ ਭੁੱਖਮਰੀ ਹੋਰ ਵਧ ਸਕਦੀ ਹੈ। ਪਾਕਿਸਤਾਨ ਸਮੇਤ ਦੱਖਣੀ ਏਸ਼ੀਆ ਭੁੱਖਮਰੀ ਦੇ ਸਭ ਤੋਂ ਉੱਚੇ ਪੱਧਰ ਵਾਲੇ ਖੇਤਰ ਵਜੋਂ ਮੁੜ ਉੱਭਰਿਆ ਹੈ, ਜਿਸ ਵਿਚ ਬੱਚਿਆਂ ਦੇ ਕਮਜ਼ੋਰ ਹੋਣ ਦੀ ਦਰ ਵੱਧ ਗਈ ਹੈ। 2022 ਦੇ ਗਲੋਬਲ ਹੰਗਰ ਇੰਡੈਕਸ ਵਿਚ ਪਾਕਿਸਤਾਨ 121 ਦੇਸ਼ਾਂ ਵਿਚੋਂ 99ਵੇਂ ਸਥਾਨ ‘ਤੇ ਹੈ। 26.1 ਦੇ ਸਕੋਰ ਦੇ ਨਾਲ, ਪਾਕਿਸਤਾਨ ਦੇ ਭੁੱਖਮਰੀ ਦੇ ਪੱਧਰ ਨੂੰ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਜੋ ਦੇਸ਼ ਵਿਚ ਭੋਜਨ ਪਦਾਰਥਾਂ ਦੀ ਫੌਰੀ ਲੋੜ ਨੂੰ ਦਰਸਾਉਂਦਾ ਹੈ।
ਪਾਕਿਸਤਾਨ ‘ਚ ਆਸਮਾਨ ਛੂਹ ਰਹੀ ਮਹਿੰਗਾਈ ਕਾਰਨ 90 ਫੀਸਦੀ ਲੋਕਾਂ ਨੇ ਆਪਣਾ ਭੋਜਨ ਖਾਣਾ ਘਟਾ ਦਿੱਤਾ ਹੈ। ਨਕਦੀ ਦੀ ਕਿੱਲਤ ਨਾਲ ਜੂਝ ਰਹੇ ਪਾਕਿਸਤਾਨ ‘ਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਇਥੇ ਗਰੀਬ ਅਤੇ ਮਜ਼ਦੂਰ ਵਰਗ ਖਾਣ-ਪੀਣ ‘ਤੇ ਨਿਰਭਰ ਦੇਖਿਆ ਜਾ ਸਕਦਾ ਹੈ। ਰਾਸ਼ਨ ਵੰਡ ਕੇਂਦਰਾਂ ਦੀ ਸਥਿਤੀ ਲੁੱਟ-ਖੋਹ ਅਤੇ ਲੜਾਈ-ਝਗੜੇ ਵਾਲੀ ਬਣ ਰਹੀ ਹੈ। ਹਾਲ ਹੀ ਵਿਚ ਇਕ ਕੇਂਦਰ ਵਿਚ ਭਗਦੜ ਵਿਚ 16 ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਆਟੇ ਦੀਆਂ ਬੋਰੀਆਂ ਨਾਲ ਭਰੇ ਟਰੱਕ ਲੁੱਟੇ ਗਏ। ਮਹਿੰਗਾਈ ਕਾਰਨ ਹੇਠਲੇ ਵਰਗ ਦੇ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਬਚਿਆ।

Leave a comment