#OTHERS

ਪਾਕਿਸਤਾਨ ‘ਚ ਫਰਵਰੀ ਦੇ ਅੱਧ ਤੱਕ ਕਰਵਾਈਆਂ ਜਾਣਗੀਆਂ ਚੋਣਾਂ : ਪਾਕਿ ਚੋਣ ਕਮਿਸ਼ਨ

ਇਸਲਾਮਾਬਾਦ, 1 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਚੋਣਾਂ ਬਾਰੇ ਤੌਖਲੇ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਸਿਆਸੀ ਪਾਰਟੀਆਂ ਨੂੰ ਭਰੋਸਾ ਦਿੱਤਾ ਕਿ ਅਗਲੇ ਸਾਲ ਜਨਵਰੀ ਦੇ ਅੰਤ ਵਿਚ ਜਾਂ ਅੱਧ ਫਰਵਰੀ ‘ਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ‘ਡਾਅਨ’ ਅਖ਼ਬਾਰ ਨੇ ਇਹ ਖ਼ਬਰ ਦਿੱਤੀ ਕਿ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਅਵਾਮੀ ਨੈਸ਼ਨਲ ਪਾਰਟੀ (ਏ.ਐੱਨ.ਪੀ.) ਦੇ ਨੇਤਾਵਾਂ ਨੂੰ ਚੋਣ ਸੰਸਥਾ ਨਾਲ ਮੀਟਿੰਗ ‘ਚ ਇਹ ਭਰੋਸਾ ਦਿੱਤਾ ਹੈ। ਮੀਟਿੰਗ ਬੁੱਧਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਈ.ਸੀ.ਪੀ. ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਏ.ਐੱਨ.ਪੀ. ਦੇ ਵਫ਼ਦ ਦੀ ਨੁਮਾਇੰਦਗੀ ਪਾਰਟੀ ਦੇ ਜਨਰਲ ਸਕੱਤਰ ਇਫ਼ਤਿਖਾਰ ਹੁਸੈਨ ਨੇ ਕੀਤੀ, ਜਿਸ ਵਿਚ ਪਾਰਟੀ ਤਰਜਮਾਨ ਜਾਹਿਦ ਖ਼ਾਨ ਅਤੇ ਪਾਰਟੀ ਨੇਤਾ ਖੁਸ਼ਦਿਲ ਖ਼ਾਨ ਮੈਂਬਰ ਸਨ।
ਦੱਸਣਯੋਗ ਹੈ ਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਲੰਘੀ 9 ਅਗਸਤ ਨੂੰ ਭੰਗ ਕਰ ਦਿੱਤੀ ਗਈ ਸੀ। ਕੌਮੀ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੀ ਤੈਅ ਮਿਆਦ ‘ਚ ਚੋਣ ਕਰਵਾਈ ਜਾਣੀ ਜ਼ਰੂਰੀ ਹੁੰਦੀ ਹੈ। ਰਾਸ਼ਟਰਪਤੀ ਆਰਿਫ ਅਲਵੀ ਨੇ ਅਨਵਰ-ਉਲ-ਹੱਕ ਨੂੰ ਨਵੀਆਂ ਚੋਣਾਂ ਹੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਨਵੀਂ ਜਨਗਣਨਾ ਦੇ ਆਧਾਰ ‘ਤੇ ਹਲਕਿਆਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ, ਜਿਸ ਕਾਰਨ ਆਮ ਚੋਣਾਂ ‘ਚ ਦੇਰੀ ਹੋਣ ਦੀ ਸੰਭਾਵਨਾ ਬਣ ਗਈ। ਚੋਣਾਂ ਦੇ ਰੋਡਮੈਪ ‘ਤੇ ਚਰਚਾ ਲਈ ਕਮਿਸ਼ਨ ਅਤੇ ਏ.ਐੱਨ.ਪੀ. ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਏ.ਐੱਨ.ਪੀ. ਨੇ ਅਪੀਲ ਕੀਤੀ ਕਿ ਜੇਕਰ 90 ਦਿਨਾਂ ‘ਚ ਚੋਣਾਂ ਕਰਵਾਉਣੀਆਂ ਸੰਭਵ ਨਹੀਂ ਹਨ, ਤਾਂ ਘੱਟੋ-ਘੱਟ ਉਨ੍ਹਾਂ ਨੂੰ ਚੋਣਾਂ ਦੀ ਤਰੀਕ ਅਤੇ ਪ੍ਰੋਗਰਾਮ ਦੀ ਸੂਚਨਾ ਦੇ ਦਿੱਤੀ ਜਾਵੇ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਵੀ ਆਗਾਮੀ ਚੋਣਾਂ ਬਾਰੇ ਬੇਯਕੀਨੀ ਦੂਰ ਕਰਨ ਲਈ ਇੱਕ ਦਿਨ ਪਹਿਲਾਂ ਅਜਿਹੀ ਹੀ ਮੰਗ ਕੀਤੀ ਸੀ।

Leave a comment