ਮੌਜੂਦਾ ਸਰਕਾਰ ਦਾ ਕਾਰਜਕਾਲ 14 ਅਗਸਤ ਨੂੰ ਹੋਵੇਗਾ ਖ਼ਤਮ
ਇਸਲਾਮਾਬਾਦ, 24 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੱਤਾਧਾਰੀ ‘ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ’ ਵਿੱਤ ਮੰਤਰੀ ਇਸਹਾਕ ਡਾਰ ਦੇ ਨਾਂ ਦੀ ਪੇਸ਼ਕਸ਼ ‘ਤੇ ਵਿਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ 14 ਅਗਸਤ ਨੂੰ ਖ਼ਤਮ ਹੋ ਜਾਵੇਗਾ ਅਤੇ ਚੋਣ ਕਮਿਸ਼ਨ ਅਗਲੀਆਂ ਆਮ ਚੋਣਾਂ ਦੀ ਤਰੀਕ ਦਾ ਐਲਾਨ ਕਰੇਗਾ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਕਿਹਾ ਕਿ ਡਾਰ ਦਾ ਨਾਂ ਅਜਿਹੇ ਸਮੇਂ ਚਰਚਾ ਵਿਚ ਆਇਆ ਹੈ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਨੇ ਚੋਣ ਕਾਨੂੰਨ 2017 ਵਿਚ ਸੋਧ ਕਰਨ ‘ਤੇ ਵਿਚਾਰ-ਚਰਚਾ ਕੀਤੀ ਹੈ, ਤਾਂ ਕਿ ਆਗਾਮੀ ਕੰਮ ਚਲਾਊ ਵਿਵਸਥਾ ਨੂੰ ਸੰਵਿਧਾਨਕ ਜੁੰਮੇਵਾਰੀ ਤੋਂ ਵੀ ਅੱਗੇ ਫ਼ੈਸਲੇ ਲੈਣ ਦੇ ਸਮਰੱਥ ਬਣਾਇਆ ਜਾ ਸਕੇ, ਤਾਂ ਜੋ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਆਰਥਿਕ ਯੋਜਨਾ ਦੀ ਨਿਰੰਤਰਤਾ ਯਕੀਨੀ ਬਣਾਉਣ ਦੇ ਨਾਲ ਸਰਕਾਰੀ ਮਾਲਕੀ ਵਾਲੀਆਂ ਸੰਸਥਾਵਾਂ ਵਿਚ ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਸਕੇ। ‘ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ (ਐੱਨ) (ਪੀ.ਐੱਮ.ਐੱਲ.-ਐੱਨ.) ਆਰਥਿਕ ਨੀਤੀਆਂ ਦੇ ਕੰਮ-ਕਾਜ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਯੋਜਨਾ ਤਹਿਤ ਕਾਰਜਕਾਰੀ ਪ੍ਰਧਾਨ ਮੰਤਰੀ ਲਈ ਡਾਰ ਦਾ ਨਾਂ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਡਾਰ ਦੀ ਉਮੀਦਵਾਰੀ ਬਾਰੇ ਆਖ਼ਰੀ ਫ਼ੈਸਲਾ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨਾਲ ਸਲਾਹ-ਮਸ਼ਵਰਾ ਕਰਕੇ ਅਗਲੇ ਹਫ਼ਤੇ ਲਿਆ ਜਾਵੇਗਾ। ਪੀ.ਪੀ.ਪੀ. ਦੋ ਮੁੱਖ ਗੱਠਜੋੜ ਭਾਈਵਾਲਾਂ ਵਿਚੋਂ ਇੱਕ ਹੈ। ਪੀ.ਐੱਮ.ਐੱਲ.-ਐੱਲ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਚੋਣ ਕਾਨੂੰਨ 2017 ਦੀ ਧਾਰਾ 230 ਵਿਚ ਸੋਧ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਸੋਧ ਵਿਚ ਕਾਰਜਕਾਰੀ ਵਿਵਸਥਾ ਨੂੰ ਆਰਥਿਕ ਫ਼ੈਸਲੇ ਲੈਣ ਦਾ ਅਧਿਕਾਰ ਦੇਣ ਦਾ ਮਤਾ ਪਾਇਆ ਗਿਆ ਹੈ। ਇਨ੍ਹਾਂ ਸੋਧਾਂ ਨੂੰ ਨੈਸ਼ਨਲ ਅਸੈਂਬਲੀ ਵਿਚ ਅਗਲੇ ਹਫ਼ਤੇ ਪੇਸ਼ ਕਰਨ ਦੀ ਸੰਭਾਵਨਾ ਹੈ, ਤਾਂ ਕਿ ਕਾਰਜਕਾਰੀ ਸਰਕਾਰ ਅਰਥਵਿਵਸਥਾ ਵਿਚ ਸੁਧਾਰ ਕਰਨ ਲਈ ਜ਼ਰੂਰੀ ਫ਼ੈਸਲੇ ਲੈ ਸਕੇ।
ਪਾਕਿਸਤਾਨ ਵਿਚ ਕੈਬਨਿਟ ਦੇ ਇੱਕ ਸੀਨੀਅਰ ਮੈਂਬਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਪਾਕਿਸਤਾਨ ਦੀ ਅਰਥਵਿਵਸਥਾ ਅਜਿਹੇ ਦੌਰ ਵਿਚੋਂ ਲੰਘ ਰਹੀ ਹੈ, ਜਿੱਥੇ ਮਾਮਲਿਆਂ ਨੂੰ ਸਿਰਫ ਰੋਜ਼ਾਨਾ ਫ਼ੈਸਲੇ ਲੈਣ ‘ਤੇ ਤਿੰਨ ਮਹੀਨਿਆਂ ਲਈ ਨਹੀਂ ਛੱਡਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਾਰਜਕਾਰੀ ਸਰਕਾਰ ਕੋਲ ਆਰਥਿਕ ਮਾਮਲਿਆਂ ਸਬੰਧੀ ਫ਼ੈਸਲੇ ਲੈਣ ਦੀਆਂ ਵਧੇਰੇ ਸ਼ਕਤੀਆਂ ਹੋਣੀਆਂ ਚਾਹੀਦੀਆਂ ਹਨ ਕਿ ਆਈ.ਐੱਮ.ਐੱਫ. ਦਾ ਕੰਮ-ਕਾਜ ਸੂਚਾਰੂ ਢੰਗ ਨਾਲ ਜਾਰੀ ਰਹੇ ਅਤੇ ਦੇਸ਼ ਨਵੰਬਰ ਤੱਕ ਦੂਜੀ ਸਮੀਖਿਆ ਪੂਰੀ ਕਰ ਲਵੇ।