#OTHERS

ਪਾਕਿਸਤਾਨ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ

ਇਸਲਾਮਾਬਾਦ, 18 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉੱਲ-ਹੱਕ ਕੱਕੜ ਦੀ 18 ਮੈਂਬਰੀ ਮੰਤਰੀ ਮੰਡਲ ਨੇ ਆਮ ਚੋਣਾਂ ਤੱਕ ਦੇਸ਼ ਦਾ ਕੰਮਕਾਰ ਚਲਾਉਣ ਲਈ ਸਹੁੰ ਚੁੱਕੀ ਹੈ। ਰੇਡੀਓ ਪਾਕਿਸਤਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਆਰਿਫ ਅਲਵੀ ਨੇ ਕਾਰਜਕਾਰੀ ਮੰਤਰੀ ਮੰਡਲ ਨੂੰ ਹਲਫ਼ ਦਿਵਾਇਆ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਨੂੰ ਵਿਦੇਸ਼ ਮੰਤਰੀ, ਸਰਫਰਾਜ਼ ਬੁਗਤੀ ਨੂੰ ਗ੍ਰਹਿ ਮੰਤਰੀ, ਸ਼ਮਸ਼ਾਦ ਅਖ਼ਤਰ ਨੂੰ ਵਿੱਤ ਮੰਤਰੀ, ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਵਰ ਅਲੀ ਹੈਦਰ ਨੂੰ ਰੱਖਿਆ ਮੰਤਰੀ ਅਤੇ ਸੀਨੀਅਰ ਪੱਤਰਕਾਰ ਮੁਰਤਜ਼ਾ ਸੋਲਾਂਗੀ ਨੂੰ ਸੂਚਨਾ ਮੰਤਰੀ ਨਿਯੁਕਤ ਕੀਤਾ ਗਿਆ ਹੈ। ਖਲੀਲ ਜੌਰਜ ਨੂੰ ਘੱਟ ਗਿਣਤੀ ਮੰਤਰਾਲਾ, ਗੌਹਰ ਇਜਾਜ਼ ਨੂੰ ਸਨਅਤ ਮੰਤਰਾਲਾ, ਡਾ. ਉਮਰ ਸੈਫ ਨੂੰ ਸੂਚਨਾ ਤਕਨੀਕ ਮੰਤਰਾਲਾ, ਅਹਿਮਦ ਇਰਫਾਨ ਅਸਲਮ ਨੂੰ ਕਾਨੂੰਨ ਮੰਤਰਾਲਾ, ਅਦਾਕਾਰ ਜਮਾਲ ਸ਼ਾਹ ਨੂੰ ਸੱਭਿਆਚਾਰ ਮੰਤਰਾਲਾ ਅਤੇ ਅਨੀਕ ਅਹਿਮਦ ਨੂੰ ਧਾਰਮਿਕ ਮਾਮਲਿਆਂ ਬਾਰੇ ਮੰਤਰਾਲਾ ਸੌਂਪਿਆ ਗਿਆ ਹੈ।
 ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਨੇ ਅਹੁਦੇ ਦਾ ਕਾਰਜਭਾਲ ਸੰਭਾਲਣ ਤੋਂ ਕੁਝ ਦਿਨ ਬਾਅਦ ਅਮਰੀਕਾ ਨੂੰ ਦੇਸ਼ ਅੰਦਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ’ਚ ਆਉਣ ਵਾਲੇ ਦਿਨਾਂ ਅੰਦਰ ਆਮ ਚੋਣਾਂ ਹੋਣ ਦੀ ਸੰਭਾਵਨਾ ਹੈ ਅਤੇ ਕੌਮੀ ਅਸੈਂਬਲੀ ਦਾ ਕਾਰਜਕਾਲ 12 ਅਗਸਤ ਨੂੰ ਖਤਮ ਹੋ ਗਿਆ ਹੈ। ਕੱਕੜ ਨੇ ਬੁੱਧਵਾਰ ਦੇਰ ਰਾਤ ਟਵੀਟ ਕੀਤਾ, ‘ਅੰਤਰਿਮ ਸਰਕਾਰ ਪਾਕਿਸਤਾਨ ’ਚ ਸੰਵਿਧਾਨ ਅਨੁਸਾਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰੇਗੀ।’ ਉਨ੍ਹਾਂ ਦਾ ਟਵੀਟ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਵਧਾਈ ਸੰਦੇਸ਼ ਦੇ ਜਵਾਬ ਵਿੱਚ ਆਇਆ ਹੈ ਜਦੋਂ ਪਹਿਲੀ ਵਾਰ ਸੈਨੇਟਰ ਬਣੇ ਕੱਕੜ ਨੂੰ 12 ਅਗਸਤ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਕੱਕੜ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਆਪਣੀ ਭਾਈਵਾਲੀ ਨੂੰ ਅਤੇ ਖੇਤਰ ’ਚ ਆਰਥਿਕ ਖੁਸ਼ਹਾਲੀ, ਲੋਕਤੰਤਰ ਤੇ ਸਥਿਰਤਾ ਲਈ ਸਾਂਝੀ ਪ੍ਰਤੀਬੱਧਤਾ ਬੇਹੱਦ ਮਹੱਤਵ ਦਿੰਦਾ ਹੈ।

Leave a comment