#CANADA

ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਵਰਕਸੇਫ ਬੀਸੀ ਦੇ ਚੇਅਰਮੈਨ ਨਾਮਜ਼ਦ

ਸਰੀ, 7 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਵਿੱਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਨੂੰ ਵਰਕਸੇਫ ਬੀਸੀ ਦੇ ਬੋਰਡ ਆਫ ਡਾਇਰੈਕਟਰਜ਼ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਹ ਚੋਟੀ ਦਾ ਅਹੁਦਾ ਸੰਭਾਲਣ ਵਾਲੇ ਉਹ ਪਹਿਲੇ ਦੱਖਣੀ ਏਸ਼ੀਆਈ ਮੂਲ ਦੇ ਵਿਅਕਤੀ ਹਨ। ਵਰਕਸੇਫ ਬੀਸੀ ਇੱਕ ਸੂਬਾਈ ਏਜੰਸੀ ਹੈ ਜੋ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਵਰਕਰਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਕਾਰਜ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

ਕਿਰਤ ਮੰਤਰੀ ਹੈਰੀ ਬੈਂਸ ਨੇ ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਅਗਲੇ ਤਿੰਨ ਸਾਲ ਇਸ ਅਹੁਦੇ ਤੇ ਬਣੇ ਰਹਿਣਗੇ। ਹੈਰੀ ਬੈਂਸ ਨੇ ਕਿਹਾ ਕਿ ਬਲਤੇਜ ਢਿੱਲੋਂ ਨੂੰ ਇਕ ਪੁਲਿਸ ਅਧਿਕਾਰੀ ਦਾ ਅਨੁਭਵ ਅਤੇ ਤਜਰਬਾ ਹੈ ਅਤੇ ਕਾਨੂੰਨ ਲਾਗੂ ਕਰਨ ਵਿੱਚ ਮੁਹਾਰਤ ਹਾਸਲ ਤੋਂ ਇਲਾਵਾ ਵਰਕਸੇਫ ਬੀਸੀ ਵਿੱਚ ਇੱਕ ਡਾਇਰੈਕਟਰ ਵਜੋਂ ਛੇ ਸਾਲਾਂ ਦਾ ਤਜਰਬਾ ਹੈ। ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਕੰਮ ਵਾਲੀ ਥਾਂ ਦੀਆਂ ਗੰਭੀਰ ਘਟਨਾਵਾਂ ਦੀ ਜਾਂਚ ਵਿੱਚ ਵਰਕਸੇਫ ਬੀਸੀ ਦੀ ਭੂਮਿਕਾ ਲਈ ਵਚਨਬੱਧ ਹੋਣਗੇ

ਇੱਥੇ ਵਰਨਣਯੋਗ ਹੈ ਕਿ ਬਲਤੇਜ ਢਿੱਲੋਂ ਨੇ ਦਸਤਾਰ ਪਹਿਨਣ ਵਾਲਾ ਪਹਿਲਾ ਪੁਲਿਸ ਅਧਿਕਾਰੀ ਬਣ ਕੇ ਇਤਿਹਾਸ ਰਚਿਆ ਸੀ ਅਤੇ ਭਾਈਚਾਰਕ ਸੇਵਾ ਲਈ ਉਸ ਨੂੰ ਮਹਾਰਾਣੀ ਐਲਿਜ਼ਾਬੈਥ  ਵੱਲੋਂ ਗੋਲਡਨ ਅਤੇ ਡਾਇਮੰਡ ਜੁਬਲੀ ਮੈਡਲ ਵੀ ਪ੍ਰਾਪਤ ਕੀਤੇ। ਮਲੇਸ਼ਿਆ ਦੇ ਜੰਮਪਲ ਬਲਤੇਜ  ਢਿੱਲੋਂ 1983 ਵਿੱਚ 16 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿਚ ਆ ਵਸੇ ਸਨ। ਉਨ੍ਹਾਂ ਅਪਰਾਧ ਵਿਗਿਆਨ ਦੀ ਪੜ੍ਹਾਈ ਕੀਤੀ ਅਤੇ 1991 ਵਿੱਚ ਆਰਸੀਐਮਪੀ ਵਿੱਚ ਭਰਤੀ ਹੋ ਕੇ 2019 ਵਿਚ ਸੇਵਾ ਮੁਕਤ ਹੋਏ ਸਨ।

ਇਸ ਨਿਯੁਕਤੀ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਬਲਤੇਜ ਢਿੱਲੋਂ ਨੇ ਕਿਹਾ ਕਿ ਉਹ ਪੂਰੇ ਸੂਬੇ ਵਿੱਚ ਵਰਕਰਾਂਮਾਲਕਾਂ ਅਤੇ ਹੋਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਾਮਿਆਂ ਦੀ ਮੁਆਵਜ਼ਾ ਪ੍ਰਣਾਲੀ ਵਿੱਚ ਸੁਧਾਰ ਕਰਨ ਦਾ ਕਾਰਜ ਜਾਰੀ ਰੱਖਣ ਲਈ ਆਪਣੇ ਸਾਥੀ ਬੋਰਡ ਮੈਂਬਰਾਂ ਅਤੇ ਵਰਕਸੇਫ ਬੀਸੀ ਸਟਾਫ਼ ਨਾਲ ਚੇਅਰਮੈਨ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਹਨ।

Leave a comment