#INDIA

ਪਹਿਲਵਾਨ ਵਿਨੇਸ਼ ਫੋਗਾਟ ਜ਼ਖਮੀ, ਏਸ਼ੀਅਨ ਗੇਮਸ ਤੋਂ ਹੋਈ ਬਾਹਰ

ਨਵੀਂ ਦਿੱਲੀ, 17 ਅਗਸਤ (ਪੰਜਾਬ ਮੇਲ)- ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ 13 ਅਗਸਤ ਨੂੰ ਗੋਡੇ ਦੀ ਸੱਟ ਕਾਰਨ ਏਸ਼ੀਆਈ ਖੇਡ 2023 ਤੋਂ ਬਾਹਰ ਹੋ ਗਈ। ਫੋਗਾਟ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। 17 ਅਗਸਤ ਨੂੰ ਉਨ੍ਹਾਂ ਦੀ ਸਰਜਰੀ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਟ੍ਰੇਨਿੰਗ ਦੌਰਾਨ ਮੇਰੇ ਗੋਡੇ ’ਤੇ ਸੱਟ ਲੱਗ ਗਈ ਸੀ। ਸਕੈਨ ਦੇ ਬਾਅਦ ਡਾਕਟਰਾਂ ਨੇ ਕਿਹਾ ਕਿ ਸਰਜਰੀ ਹੀ ਮੇਰੇ ਲਈ ਇਕੋ-ਇਕ ਬਦਲ ਹੈ। 17 ਅਗਸਤ ਨੂੰ ਮੁੰਬਈ ਵਿਚ ਮੇਰੀ ਸਰਜਰੀ ਹੋਵੇਗੀ।
2018 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਨੇ ਕਿਹਾ ਕਿ ਹਾਂਗਜੋ ਵਿਚ ਇਸ ਐਡੀਸ਼ਨ ਵਿਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇਗੀ। ਆਪਣੀ ਸੱਟ ਤੋਂ ਉਹ ਕਾਫੀ ਨਿਰਾਸ਼ ਹੈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਕਿ 17 ਅਗਸਤ ਨੂੰ ਮੁੰਬਈ ਵਿਚ ਮੇਰੀ ਸਰਜਰੀ ਹੋਵੇਗੀ। ਭਾਰਤ ਲਈ ਆਪਣਾ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਬਰਕਰਾਰ ਰੱਖਣਾ ਮੇਰਾ ਸੁਪਨਾ ਸੀ, ਜੋ ਮੈਂ 2018 ਵਿਚ ਜਕਾਰਤਾ ਵਿਚ ਜਿੱਤਿਆ ਸੀ ਪਰ ਬਦਕਿਸਮਤੀ ਨਾਲ ਇਸ ਸੱਟ ਨੇ ਹੁਣ ਮੇਰੀ ਹਿੱਸੇਦਾਰੀ ਨੂੰ ਖਾਰਜ ਕਰ ਦਿੱਤਾ ਹੈ। ਮੈਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰ ਦਿੱਤਾ ਤਾਂ ਕਿ ਰਿਜ਼ਰਵ ਖਿਡਾਰੀ ਨੂੰ ਏਸ਼ੀਆਈ ਖੇਡਾਂ ਵਿਚ ਭੇਜਿਆ ਜਾ ਸਕੇ। ਮੈਂ ਸਾਰੇ ਸਮਰਥਕਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਮੇਰਾ ਸਮਰਥਨ ਕਰਨਾ ਜਾਰੀ ਰੱਖਣ ਤਾਂ ਜੋ ਜਲਦ ਹੀ ਮੈਂ ਮਜ਼ਬੂਤੀ ਨਾਲ ਵਾਪਸੀ ਕਰ ਸਕਾਂ ਤੇ ਪੈਰਿਸ 2024 ਓਲੰਪਿਕ ਲਈ ਤਿਆਰੀ ਕਰ ਸਕਾਂ। ਤੁਹਾਡੇ ਸਮਰਥਨ ਨਾਲ ਮੈਨੂੰ ਬਹੁਤ ਤਾਕਤ ਮਿਲਦੀ ਹੈ। ਦੋ ਵਾਰ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਮਗਾ ਤੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਮਗਾ ਜੇਤੂ ਨੇ ਆਪਣੇ ਟਵੀਟ ਵਿਚ ਲਿਖਿਆ।
ਵਿਨੇਸ਼ ਵਿਸ਼ਵ ਚੈਂਪੀਅਨਸ਼ਿਪ ’ਚ ਮੁਕਾਬਲਾ ਨਹੀਂ ਲੈ ਸਕੇਗੀ, ਜਿਸ ਦੇ ਲਈ ਟ੍ਰਾਇਲ 25 ਅਗਸਤ ਨੂੰ ਪਟਿਆਲਾ ਵਿਚ ਹੋਣੇ ਹਨ। ਵਿਨੇਸ਼ ਤੇ ਬਜਰੰਗ ਪੁਨੀਆ ਨੂੰ ਏੇਸ਼ੀਆਈ ਖੇਡਾਂ ਦੇ ਟ੍ਰਾਇਲ ਤੋਂ ਛੋਟ ਦਿੱਤੀ ਗਈ ਸੀ, ਜਿਸ ਦੇ ਬਾਅਦ ਕੁਸ਼ਤੀ ਜਗਤ ਦੇ ਜ਼ਿਆਦਾਤਰ ਲੋਕਾਂ ਨੇ ਫੈਸਲੇ ਦੀ ਆਲੋਚਨਾ ਕੀਤੀ ਸੀ। ਇਸ ਦੇ ਬਾਅਦ ਆਈ.ਓ.ਏ. ਦੀ ਕਮੇਟੀ ਨੇ ਵਰਲਡਸ ਟ੍ਰਾਇਲ ਲਈ ਕਿਸੇ ਵੀ ਪਹਿਲਵਾਨ ਨੂੰ ਛੋਟ ਨਾ ਦੇਣ ਦਾ ਫੈਸਲਾ ਕੀਤਾ।

Leave a comment