ਕੋਲਕਾਤਾ, 1 ਜੂਨ (ਪੰਜਾਬ ਮੇਲ)- ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਦੌਰਾਨ ਮਾਰਚ ਕਰਨ ਦੀ ਕੋਸ਼ਿਸ਼ ਸਮੇਂ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਨਾਲ ਕੀਤੀ ਗਈ ਵਧੀਕੀ ਖ਼ਿਲਾਫ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠ ਇਥੇ ਰੋਸ ਰੈਲੀ ਕੱਢੀ ਗਈ। ਮਮਤਾ ਨੇ ਹੱਥ ‘ਚ ਤਖ਼ਤੀ ਫੜੀ ਹੋਈ ਸੀ, ਜਿਸ ‘ਤੇ ‘ਅਸੀਂ ਇਨਸਾਫ਼ ਚਾਹੁੰਦੇ ਹਾਂ’ ਦਾ ਸੁਨੇਹਾ ਲਿਖਿਆ ਹੋਇਆ ਸੀ। ਕਰੀਬ 2.8 ਕਿਲੋਮੀਟਰ ਲੰਬੀ ਰੈਲੀ ‘ਚ ਮਮਤਾ ਆਪਣੇ ਹਲਕੇ ਭਵਾਨੀਪੁਰ ‘ਚ ਸ਼ਾਮਲ ਹੋਈ। ਉਨ੍ਹਾਂ ਨਾਲ ਸਾਬਕਾ ਫੁੱਟਬਾਲ ਖਿਡਾਰਨਾਂ ਕੁੰਤਲਾ ਘੋਸ਼ ਦਸਤੀਕਾਰ ਅਤੇ ਸ਼ਾਂਤੀ ਮਲਿਕ ਤੋਂ ਇਲਾਵਾ ਅਲਵੀਟੋ ਡੀਕੁਨਹਾ, ਰਹੀਮ ਨਬੀ ਅਤੇ ਦੀਪੇਂਦੂ ਬਿਸਵਾਸ ਸਮੇਤ ਹੋਰ ਖਿਡਾਰੀ ਤੇ ਆਮ ਲੋਕ ਰੈਲੀ ‘ਚ ਸ਼ਾਮਲ ਹੋਏ। ਪਹਿਲਵਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੰਤਰੀ ਅਰੂਪ ਬਿਸਵਾਸ ਅਤੇ ਕ੍ਰਿਕਟਰ ਤੋਂ ਮੰਤਰੀ ਬਣੇ ਮਨੋਜ ਤਿਵਾੜੀ ਨੇ ਖੇਡ ਵਿਭਾਗ ਦੀ ਸਹਾਇਤਾ ਨਾਲ ਰੈਲੀ ਦਾ ਪ੍ਰਬੰਧ ਕੀਤਾ ਸੀ।