#INDIA

ਪਹਿਲਵਾਨਾਂ ਦੀ ਚਿਤਾਵਨੀ: ‘ਖਾਪ ਵੱਲੋਂ ਸਾਡੇ ਲਈ ਲਏ ਫ਼ੈਸਲੇ ਨਾਲ ਦੇਸ਼ ਹਿੱਤ ਨੂੰ ਹੋ ਸਕਦੈ ਨੁਕਸਾਨ’

ਨਵੀਂ ਦਿੱਲੀ, 20 ਮਈ (ਪੰਜਾਬ ਮੇਲ)- ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਅੱਜ ਚਿਤਾਵਨੀ ਦਿੱਤੀ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਸਰਕਾਰ ਦੀ ਢਿੱਲ-ਮੱਠ ਕਾਰਨ ਖਾਪ ਪੰਚਾਇਤ ਅਜਿਹਾ ਫੈਸਲਾ ਲੈ ਸਕਦੀ ਹੈ, ਜੋ ਸ਼ਾਇਦ ਦੇਸ਼ ਦੇ ਹਿੱਤ ਵਿਚ ਨਾ ਹੋਵੇ।
ਪਹਿਲਵਾਨ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ ਚਾਰ ਹਫਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਸ ‘ਤੇ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਕਿਹਾ ਕਿ ਖਾਪ ਪੰਚਾਇਤ ਦੇ ਫ਼ੈਸਲੇ ਨਾਲ ਕਰੀਬ 13 ਮਹੀਨਿਆਂ ਤੱਕ ਚੱਲੇ ਕਿਸਾਨਾਂ ਦੇ ਅੰਦੋਲਨ ਵਾਂਗ ਹੀ ਦੇਸ਼ ਨੂੰ ਨੁਕਸਾਨ ਹੋ ਸਕਦਾ ਹੈ। ਵਿਨੇਸ਼ ਨੇ ਜੰਤਰ-ਮੰਤਰ ‘ਤੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਸਾਡੇ ਬਜ਼ੁਰਗਾਂ (ਐਤਵਾਰ ਨੂੰ) ਵੱਲੋਂ ਲਿਆ ਗਿਆ ਫੈਸਲਾ ਵੱਡਾ ਹੋ ਸਕਦਾ ਹੈ। ਅਜਿਹਾ ਹੋ ਸਕਦਾ ਹੈ ਕਿ ਇਹ ਦੇਸ਼ ਦੇ ਹਿੱਤ ਵਿਚ ਨਾ ਹੋਵੇ। ਇਸ ਨਾਲ ਦੇਸ਼ ਨੂੰ ਨੁਕਸਾਨ ਹੋ ਸਕਦਾ ਹੈ।’

Leave a comment