* 4 ਸਿਆਸਤਦਾਨਾਂ ਤੇ ਅੱਧੀ ਦਰਜਨ ਪੁਲਿਸ ਅਧਿਕਾਰੀਆਂ ਵੱਲੋਂ ਹੱਥ ਰੰਗਣ ਦੇ ਤੱਥ
* ਇਕ ਪੁਲਿਸ ਅਫ਼ਸਰ ਵੱਲੋਂ ਅਮਰੀਕਾ ਵਿਚ ਨਿਵੇਸ਼ ਦੇ ਤੱਥ ਵੀ ਸਾਹਮਣੇ ਆਏ
ਚੰਡੀਗੜ੍ਹ, 3 ਅਗਸਤ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਨਾਲ ਜੁੜੇ ਮਾਮਲਿਆਂ ਵਿਚ ਹੱਥ ਰੰਗਣ ਵਾਲੇ ਸੂਬੇ ਦੇ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੀ ਭੂਮਿਕਾ ਦੀ ਜਾਂਚ ਆਰੰਭ ਦਿੱਤੀ ਹੈ। ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਰਲਜ਼ ਘਪਲੇ ਦੀ ਮੁੱਢਲੀ ਤਫ਼ਤੀਸ਼ ਦੌਰਾਨ ਕਾਂਗਰਸ ਨਾਲ ਸਬੰਧਤ 4 ਆਗੂਆਂ, ਜਿਨ੍ਹਾਂ ਵਿਚ ਇਕ ਸਾਬਕਾ ਮੰਤਰੀ ਵੀ ਸ਼ਾਮਲ ਹੈ, ਅਤੇ ਪੰਜਾਬ ਪੁਲਿਸ ਦੇ ਇਕ ਸੀਨੀਅਰ ਆਈ.ਪੀ.ਐੱਸ. ਅਧਿਕਾਰੀ, ਇਕ ਸੇਵਾਮੁਕਤ ਆਈ.ਪੀ.ਐੱਸ., ਡੀ.ਐੱਸ.ਪੀ. ਅਤੇ ਇੰਸਪੈਕਟਰ ਪੱਧਰ ਦੇ 4 ਅਫ਼ਸਰਾਂ ਦੀ ਸ਼ੱਕੀ ਭੂਮਿਕਾ ਸਾਹਮਣੇ ਆ ਰਹੀ ਹੈ।
ਸੂਤਰਾਂ ਮੁਤਾਬਕ ਪੁਲਿਸ ਅਧਿਕਾਰੀ ਵੱਲੋਂ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਦੇ ਇਕ ਹੋਟਲ ‘ਚ ਪੂੰਜੀ ਨਿਵੇਸ਼ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਵਿਚ ਇਕ ‘ਵੱਡੀ ਮੱਛੀ’ ਵੱਲੋਂ ਜ਼ਮੀਨ ਹਾਸਲ ਕਰਨ ਦੇ ਸਬੂਤ ਮਿਲੇ ਹਨ ਤੇ ਇਸ ਸਿਆਸਤਦਾਨ ਖਿਲਾਫ਼ ਆਉਂਦੇ ਦਿਨਾਂ ਦੌਰਾਨ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਪਰਲਜ਼ ਘਪਲੇ ਸਬੰਧੀ ਐੱਫ.ਆਈ.ਆਰ. ਵਿਸ਼ੇਸ਼ ਤੌਰ ‘ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਥਾਣੇ ਵਿਚ ਹੀ ਕਿਉਂ ਦਰਜ ਕੀਤੀ ਗਈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ੀਰਾ ਵਿਚ ਮਾਮਲਾ ਦਰਜ ਕੀਤੇ ਜਾਣਾ ਆਪਣੇ ਆਪ ਵਿਚ ਸ਼ੱਕੀ ਬਣ ਜਾਂਦਾ ਹੈ। ਇਹ ਮਾਮਲਾ ਕਾਂਗਰਸ ਹਕੂਮਤ ਵੇਲੇ ਸਾਲ 2020 ਵਿਚ ਦਰਜ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਵਿਜੀਲੈਂਸ ਨੇ 19 ਮਈ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ਵਿਚ ਦੋਸ਼ ਪੱਤਰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪਰਲਜ਼ ਘਪਲਾ ਸਾਹਮਣੇ ਆਉਣ ਤੋਂ ਬਾਅਦ ਗਰੁੱਪ ਦੀ ਜਾਇਦਾਦ ਨੂੰ ਪੰਜਾਬ ਵਿਚ ਵੱਡੇ ਪੱਧਰ ‘ਤੇ ਖੁਰਦ-ਬੁਰਦ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ ਸਿਆਸੀ ਅਤੇ ਪ੍ਰਸ਼ਾਸਕੀ ਪੁਸ਼ਤ-ਪਨਾਹੀ ਤੋਂ ਬਿਨਾਂ ਜ਼ਮੀਨਾਂ ਖੁਰਦ-ਬੁਰਦ ਨਹੀਂ ਹੋ ਸਕਦੀਆਂ। ਇਸ ਕਰਕੇ ਸਿਆਸਤਦਾਨਾਂ ਤੇ ਪੁਲਿਸ ਅਫ਼ਸਰਾਂ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਕ ਅੰਦਾਜ਼ੇ ਮੁਤਾਬਕ ਪਰਲਜ਼ ਗਰੁੱਪ ਦੀਆਂ 40 ਹਜ਼ਾਰ ਦੇ ਕਰੀਬ ਸੰਪਤੀਆਂ ਹਨ ਜਿਨ੍ਹਾਂ ‘ਚੋਂ 2239 ਪੰਜਾਬ ‘ਚ ਹਨ। ਇਹ ਤੱਥ ਵੀ ਸਾਹਮਣੇ ਆ ਚੁੱਕੇ ਹਨ ਕਿ ਨਿਵੇਸ਼ਕਾਂ ਦੇ ਅੱਠ ਤੋਂ ਦਸ ਹਜ਼ਾਰ ਕਰੋੜ ਰੁਪਏ ਡੁੱਬੇ ਹੋਏ ਹਨ।
ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਹ ਮਾਮਲਾ ਬੇਹੱਦ ਪੇਚੀਦਾ ਹੈ। ਵਿਜੀਲੈਂਸ ਵੱਲੋਂ ਤਫ਼ਤੀਸ਼ ਨੂੰ ਪੁਖਤਾ ਬਣਾਉਣ ਲਈ ਸਾਲ 1998 ਤੋਂ ਲੈ ਕੇ ਹੁਣ ਤੱਕ ਪਰਲਜ਼ ਗਰੁੱਪ ਵੱਲੋਂ ਜ਼ਮੀਨਾਂ ਦੀ ਖਰੀਦ ਵੇਚ ਅਤੇ ਹੋਰ ਦਸਤਾਵੇਜ਼ ਇਕੱਤਰ ਕੀਤੇ ਗਏ ਹਨ। ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਇਹ ਘਪਲਾ ਤਕਰੀਬਨ 60 ਹਜ਼ਾਰ ਕਰੋੜ ਰੁਪਏ ਦਾ ਹੈ ਤੇ ਇਸ ਮਾਮਲੇ ‘ਚ ਆਮ ਲੋਕ ਠੱਗੇ ਗਏ ਹਨ। ਹਾਲਾਂਕਿ ਪਰਲਜ਼ ਗਰੁੱਪ ਦਾ ਮਾਲਕ ਤਾਂ ਪਹਿਲਾਂ ਹੀ ਜੇਲ੍ਹ ਵਿਚ ਬੰਦ ਹੈ।