#PUNJAB

ਪਟਿਆਲਾ ‘ਚ 54 ਟਰੈਵਲ ਏਜੰਟਾਂ ਦੇ ਲਾਇਸੰਸ ਮੁਅੱਤਲ

-ਆਈਲੈਟਸ ਸੈਂਟਰਾਂ, ਕੰਸਲਟੈਂਸੀ, ਟਰੈਵਲ ਏਜੰਟਾਂ ‘ਤੇ ਵੱਡੀ ਕਾਰਵਾਈ
ਪਟਿਆਲਾ, 4 ਅਗਸਤ (ਪੰਜਾਬ ਮੇਲ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਦਫ਼ਤਰ ਨੇ ਇਕ ਅਹਿਮ ਕਾਰਵਾਈ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ 54 ਟਰੈਵਲ ਏਜੰਟਾਂ ਦੇ ਲਾਇਸੈਂਸ ਮੁਅੱਤਲ ਕੀਤੇ ਹਨ। ਇਹ ਹੁਕਮ ਜਾਰੀ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਐਕਟ 2012 (ਸੋਧਿਆ ਨਾਮ, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਵਾਈਡ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ ਜੀ. ਐੱਸ. ਆਰ. 49/ਪੀ. ਏ. 2/2013/ਐੱਸ. 8 ਐੱਮ (1) 2014 ਮਿਤੀ 16-09-2014) ਤਹਿਤ ਜਾਰੀ ਕੀਤੇ, ਇਹ ਹੁਕਮ ਤੁਰੰਤ ਲਾਗੂ ਹੋਣਗੇ। ਏ.ਡੀ.ਸੀ. ਨੇ ਕਿਹਾ ਕਿ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਉਕਤ ਐਕਟ ਤਹਿਤ ਆਈਲੈਟਸ, ਕੰਸਲਟੈਂਸੀ, ਟਰੈਵਲ ਏਜੰਟ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਮਿਆਦ 5 ਸਾਲ ਨਿਰਧਾਰਤ ਕੀਤੀ ਜਾਂਦੀ ਹੈ ਤੇ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਦੋ ਮਹੀਨੇ ਪਹਿਲਾਂ ਇਸ ਨੂੰ ਰੀਨਿਊ ਕਰਵਾਉਣਾ ਲਾਜ਼ਮੀ ਹੁੰਦਾ ਹੈ ਪਰ ਜਿਹੜੇ 54 ਲਾਇਸੈਂਸਧਾਰਕਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਇਨ੍ਹਾਂ ਨੇ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਏ ਤੇ ਨਾ ਹੀ ਲਾਇਸੈਂਸਾਂ ਨੂੰ ਸਰੰਡਰ ਕੀਤਾ ਗਿਆ ਹੈ।
ਇਸ ਲਈ ਇਨ੍ਹਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ 7 ਅਗਸਤ 2023 ਤੱਕ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਲਈ ਦਰਖਾਸਤ ਦਿੱਤੀ ਜਾਵੇ ਜਾਂ ਆਪਣਾ ਲਾਇਸੈਂਸ ਸਰੰਡਰ ਕੀਤਾ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ਵਿਚ ਇਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਤੇ ਇਸ ਨੂੰ ਦੁਬਾਰਾ ਨਵੀਨੀਕਰਨ ਲਈ ਨਹੀਂ ਵਿਚਾਰਿਆ ਜਾਵੇਗਾ।

Leave a comment