#INDIA

ਨੌਕਰੀ ਬਦਲੇ ਜ਼ਮੀਨ ਘੁਟਾਲਾ : ਲਾਲੂ ਦੇ ਪਰਿਵਾਰ ਖ਼ਿਲਾਫ਼ ਈ.ਡੀ. ਵਲੋਂ ਛਾਪੇਮਾਰੀ ਦੌਰਾਨ 1 ਕਰੋੜ ਦੀ ਨਕਦੀ ਜ਼ਬਤ

ਨਵੀਂ ਦਿੱਲੀ, 12 ਮਾਰਚ (ਪੰਜਾਬ ਮੇਲ)- ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਹੈ ਕਿ ਇਹ 600 ਕਰੋੜ ਦਾ ਘੁਟਾਲਾ ਹੈ | ਜਾਂਚ ‘ਚ ਪਤਾ ਲੱਗਾ ਹੈ ਕਿ 350 ਕਰੋੜ ਰੁਪਏ ਦੇ ਪਲਾਟ ਤੇ 250 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ | ਈ.ਡੀ. ਵਲੋਂ 24 ਜਗ੍ਹਾ ਛਾਪੇ ਮਾਰੇ ਗਏ ਹਨ, ਜਿਸ ‘ਚ 1 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ | ਇਕ ਬਿਆਨ ‘ਚ ਈ.ਡੀ. ਨੇ ਕਿਹਾ ਕਿ ਛਾਪੇਮਾਰੀ ਦੌਰਾਨ 1 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ, 1900 ਅਮਰੀਕੀ ਡਾਲਰ, 540 ਗ੍ਰਾਮ ਸੋਨਾ ਸਰਾਫਾ ਤੇ ਲਗਭਗ 1.25 ਕਰੋੜ ਰੁਪਏ ਦੀ ਕੀਮਤ ਦੇ 1.5 ਕਿਲੋ ਤੋਂ ਵੱਧ ਸੋਨੇ ਦੇ ਗਹਿਣਿਆਂ ਸਮੇਤ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ | ਇਸ ‘ਚ ਕਿਹਾ ਗਿਆ ਹੈ ਕਿ ਪਰਿਵਾਰਕ ਮੈਂਬਰਾਂ (ਲਾਲੂ ਪ੍ਰਸਾਦ ਦੇ) ਤੇ ਬੇਨਾਮੀਦਾਰਾਂ ਦੇ ਨਾਂਅ ‘ਤੇ ਰੱਖੇ ਵੱਖ-ਵੱਖ ਜਾਇਦਾਦ ਦੇ ਦਸਤਾਵੇਜ਼, ਵਿਕਰੀ ਡੀਡ ਆਦਿ ਸਮੇਤ ਕਈ ਹੋਰ ਅਪਰਾਧਕ ਦਸਤਾਵੇਜ਼ ਵੱਡੇ ਲੈਂਡ ਬੈਂਕ ਤੇ ਇਲੈਕਟ੍ਰਾਨਿਕ ਉਪਕਰਨਾਂ ਦੇ ਗੈਰ-ਕਾਨੂੰਨੀ ਸੰਗ੍ਰਹਿ ਨੂੰ ਦਰਸਾਉਂਦੇ ਹਨ | ਰੇਲਵੇ ਦੇ ਵੱਖ-ਵੱਖ ਜ਼ੋਨਾਂ ‘ਚ ਗਰੁੱਪ-ਡੀ ਦੀ ਭਰਤੀ ‘ਚ 50 ਫੀਸਦੀ ਉਮੀਦਵਾਰਾਂ ਦੀ ਭਰਤੀ ਲਾਲੂ ਪਰਿਵਾਰ ਦੇ ਚੋਣ ਖੇਤਰਾਂ ‘ਚ ਹੋਈ ਹੈ | ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਅਸੀਂ ਜਦੋਂ ਇਕੱਠੇ ਹੰੁਦੇ ਹਾਂ ਤਾਂ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ | 2017 ‘ਚ ਵੀ ਅਜਿਹਾ ਹੋਇਆ ਸੀ ਤੇ ਹੁਣ 5 ਸਾਲ ਬਾਅਦ ਵੀ ਅਜਿਹਾ ਹੋ ਰਿਹਾ ਹੈ |

Leave a comment