#AMERICA

ਨੌਕਰੀ ਗਵਾਉਣ ਵਾਲੇ ਐੱਚ1-ਬੀ ਕਰਮਚਾਰੀਆਂ ਲਈ ਗ੍ਰੇਸ ਪੀਰੀਅਡ ਵਧਾਉਣ ਦੀ ਸਿਫ਼ਾਰਸ਼

-ਬਾਇਡਨ ਦੀ ਸਲਾਹਕਾਰ ਉਪ-ਕਮੇਟੀ ਵੱਲੋਂ ਗ੍ਰੇਸ ਪੀਰੀਅਡ 60 ਦਿਨ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਸ਼
ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਕ ਸਲਾਹਕਾਰ ਉਪ-ਕਮੇਟੀ ਨੇ ਨੌਕਰੀ ਗਵਾਉਣ ਵਾਲੇ ਐੱਚ1-ਬੀ ਵੀਜ਼ਾ ਧਾਰਕ ਕਰਮਚਾਰੀਆਂ ਲਈ ਮੌਜੂਦਾ ਰਿਆਇਤ ਦੀ ਮਿਆਦ (ਗ੍ਰੇਸ ਪੀਰੀਅਡ) 60 ਦਿਨ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਤਾਂ ਕਿ ਕਰਮਚਾਰੀਆਂ ਨੂੰ ਨਵੀਂ ਨੌਕਰੀ ਲੱਭਣ ਲਈ ਲੋੜੀਂਦਾ ਸਮਾਂ ਮਿਲ ਸਕੇ। ਇਮੀਗ੍ਰੇਸ਼ਨ ਉਪ-ਕਮੇਟੀ ਨੇ ਗ੍ਰਹਿ ਸੁਰੱਖਿਆ ਮੰਤਰਾਲਾ ਅਤੇ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੂੰ ਉਨ੍ਹਾਂ ਐੱਚ1-ਬੀ ਵੀਜ਼ਾ ਧਾਰਕ ਕਰਮਚਾਰੀਆਂ ਲਈ ਗ੍ਰੇਸ ਪੀਰੀਅਡ 60 ਦਿਨ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਨੇ ਆਪਣੀ ਨੌਕਰੀ ਗੁਆ ਦਿੱਤੀ ਹੈ।
ਨੌਕਰੀ ਤੋਂ ਕੱਢੇ ਗਏ ਐੱਚ1-ਬੀ ਕਰਮਚਾਰੀਆਂ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਮੌਜੂਦਾ 60 ਦਿਨ ਦੀ ਮਿਆਦ ਕਾਫ਼ੀ ਨਹੀਂ ਹੈ ਅਤੇ ਇਸ ਦੌਰਾਨ ਕਈ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਜਿਨ੍ਹਾਂ ਵਿਚ ਘੱਟ ਸਮੇਂ ਸੀਮਾ ਦੇ ਅੰਦਰ ਨਵੀਂ ਨੌਕਰੀ ਲੱਭਣਾ, ਐੱਚ1-ਬੀ ਦੇ ਦਰਜੇ ਨੂੰ ਬਦਲਣ ਦੀ ਗੁੰਝਲਦਾਰ ਕਾਗਜ਼ੀ ਕਾਰਵਾਈ ਅਤੇ ਯੂ.ਐੱਸ.ਸੀ.ਆਈ.ਐੱਸ. ਦੀ ਪ੍ਰਕਿਰਿਆ ਵਿਚ ਦੇਰੀ ਸ਼ਾਮਲ ਹੈ। ਇਸਦੇ ਨਾਲ ਹੀ ਸਲਾਹਕਾਰ ਕਮਿਸ਼ਨ ਨੇ ਗ੍ਰੀਨ ਕਾਰਡ ਅਰਜ਼ੀ ਦੇ ਸ਼ੁਰੂਆਤੀ ਪੜਾਵਾਂ ਵਿਚ ਰੁਜ਼ਗਾਰ ਅਧਿਕਾਰ ਕਾਰਡ ਜਾਰੀ ਕਰਨ ਦੀ ਸੰਭਾਵਨਾ ‘ਤੇ ਚਰਚਾ ਕੀਤੀ। ਬਾਇਡਨ ਪ੍ਰਸ਼ਾਸਨ ਦੇ ਇਸ ਕਦਮ ਨੂੰ ਮਨਜ਼ੂਰੀ ਦੇਣ ਨਾਲ ਗ੍ਰੀਨ ਕਾਰਨ ਪ੍ਰਾਪਤ ਕਰਨ ਵਿਚ ਲੰਬਾ ਸਮਾਂ ਨਹੀਂ ਲੱਗੇਗਾ।
ਗ੍ਰਹਿ ਸੁਰੱਖਿਆ ਮੰਤਰਾਲਾ ਅਤੇ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੂੰ ਕੀਤੀ ਗਈ ਸਿਫਾਰਿਸ਼ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਅਧਿਕਾਰ ਦਸਤਾਵੇਜ਼ (ਈ.ਏ.ਡੀ.) ਅਤੇ ਯਾਤਰਾ ਦਸਤਾਵੇਜ਼ ਪ੍ਰਦਾਨ ਕੀਤੇ ਜਾਣ, ਜਿਨ੍ਹਾਂ ਦੀ ਈ.ਬੀ.-1, ਈ.ਬੀ.-2, ਈ.ਬੀ.-3 ਸ਼੍ਰੇਣੀਆਂ ਵਿਚ ਆਈ-140 ਰੁਜ਼ਗਾਰ ਆਧਾਰਿਤ ਵੀਜ਼ਾ ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਉਹ ਵੀਜ਼ਾ ਲਈ 5 ਜਾਂ ਜ਼ਿਆਦਾ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ, ਭਾਵੇਂ ਹੀ ਉਨ੍ਹਾਂ ਨੇ ਸਥਿਤੀ ਦੇ ਸਮਾਯੋਜਨ ਲਈ ਅਰਜ਼ੀ ਦਾਇਰ ਕੀਤੀ ਹੈ। ਬੈਠਕ ਦੌਰਾਨ ਕਮਿਸ਼ਨ ਦੇ ਮੈਂਬਰਾਂ ਨੇ ਸਿਫਾਰਿਸ਼ਾਂ ‘ਤੇ ਹੋਰ ਜਾਣਕਾਰੀ ਮੰਗੀ ਅਤੇ ਪੂਰੇ ਕਮਿਸ਼ਨ ਦੀ ਅਗਲੀ ਬੈਠਕ ਵਿਚ ਇਸ ‘ਤੇ ਚਰਚਾ ਕਰਨ ਦਾ ਫ਼ੈਸਲਾ ਕੀਤਾ। ਇਸ ਬੈਠਕ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ।

Leave a comment