#EUROPE

ਨੈਦਰਲੈਂਡਜ਼ ਦੇ ਤੱਟ ਨੇੜੇ ਤਿੰਨ ਹਜ਼ਾਰ ਕਾਰਾਂ ਲਿਜਾ ਰਹੇ ਬੇੜੇ ਨੂੰ ਅੱਗ ਲੱਗੀ; ਇੱਕ ਭਾਰਤੀ ਹਲਾਕ

ਲੰਡਨ, 28 ਜੁਲਾਈ (ਪੰਜਾਬ ਮੇਲ)- ਨੈਦਰਲੈਂਡਜ਼ ਦੇ ਤੱਟ ਨੇੜੇ ਉੱਤਰੀ ਸਾਗਰ ‘ਚ ਤਕਰੀਬਨ ਤਿੰਨ ਹਜ਼ਾਰ ਕਾਰਾਂ ਲਿਜਾ ਰਹੇ ਇੱਕ ਮਾਲਵਾਹਕ ਜਹਾਜ਼ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਚਾਲਕ ਟੀਮ ਦੇ ਇੱਕ ਭਾਰਤੀ ਮੈਂਬਰ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪਨਾਮਾ ‘ਚ ਰਜਿਸਟਰਡ 199 ਮੀਟਰ ਲੰਮੇ ਸਮੁੰਦਰੀ ਜਹਾਜ਼ ‘ਫਰੀਮੈਂਟਲ ਹਾਈਵੇਅ’ ‘ਤੇ ਮੰਗਲਵਾਰ ਰਾਤ ਨੂੰ ਅੱਗ ਲੱਗ ਗਈ, ਜੋ ਜਰਮਨੀ ਤੋਂ ਮਿਸਰ ਜਾ ਰਿਹਾ ਸੀ। ਅੱਗ ਲੱਗਣ ਮਗਰੋਂ ਚਾਲਕ ਟੀਮ ਦੇ ਕਈ ਮੈਂਬਰਾਂ ਨੇ ਜਾਨ ਬਚਾਉਣ ਲਈ ਪਾਣੀ ‘ਚ ਛਾਲਾਂ ਮਾਰ ਦਿੱਤੀਆਂ। ਨੈਦਰਲੈਂਡਜ਼ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ਜਹਾਜ਼ ‘ਚ ਅੱਗ ਲੱਗਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਦੂਤਾਵਾਸ ਨੇ ਟਵੀਟ ‘ਚ ਕਿਹਾ, ‘ਅਸੀਂ ਉੱਤਰੀ ਸਾਗਰ ‘ਚ ਜਹਾਜ਼ ਫਰੀਮੈਂਟਲ ਹਾਈਵੇਅ ਨਾਲ ਸਬੰਧਤ ਘਟਨਾ ਨੂੰ ਲੈ ਕੇ ਬਹੁਤ ਦੁਖੀ ਹਾਂ, ਜਿਸ ‘ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ।’ ਦੂਤਾਵਾਸ ਨੇ ਕਿਹਾ ਕਿ ਉਹ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਵਿਚ ਹਨ ਅਤੇ ਲਾਸ਼ ਭਾਰਤ ਭੇਜਣ ਲਈ ਮਦਦ ਕਰ ਰਹੇ ਹਨ।

Leave a comment