#CANADA

ਨਿੱਝਰ ਹੱਤਿਆ ਮਾਮਲ; Canadian ਪੁਲਿਸ ਜਲਦ ਹੀ ਕਰ ਸਕਦੀ ਹੈ ਦੋ ਸ਼ੱਕੀਆਂ ਦੀ ਗ੍ਰਿਫ਼ਤਾਰੀ

ਓਟਵਾ, 28 ਦਸੰਬਰ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਛੇਤੀ ਹੀ ਜੂਨ ‘ਚ ਖਾਲਿਸਤਾਨ ਪੱਖੀ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸ਼ੱਕ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਾਲੇ ਕੈਨੇਡਾ ਵਿਚ ਹੀ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਜੂਨ ‘ਚ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ‘ਦਿ ਗਲੋਬ ਐਂਡ ਮੇਲ ਦੇ ਅਨੁਸਾਰ ਪੁਲਿਸ ਫਿਲਹਾਲ ਮਸ਼ਕੂਕਾਂ ‘ਤੇ ਨਜ਼ਰ ਰੱਖ ਰਹੀ ਹੈ ਤੇ ਉਮੀਦ ਹੈ ਕਿ ਕੁਝ ਹਫ਼ਤਿਆਂ ਦੇ ਅੰਦਰ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਦੋਵੇਂ ਮਸ਼ਕੂਕ ਕਾਤਲ ਕੈਨੇਡਾ ਛੱਡ ਕੇ ਨਹੀਂ ਗਏ ਅਤੇ ਪੁਲਿਸ ਕਈ ਮਹੀਨਿਆਂ ਤੋਂ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਹੈ। ਸਤੰਬਰ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਸਰੀ ਸ਼ਹਿਰ ਵਿਚ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ (45) ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਸੀ। ਭਾਰਤ ਨੇ 2020 ‘ਚ ਨਿੱਝਰ ਨੂੰ ਅੱਤਵਾਦੀ ਕਰਾਰ ਦਿੱਤਾ ਸੀ। ਵਾਸ਼ਿੰਗਟਨ ਪੋਸਟ ਨੇ ਸਤੰਬਰ ਵਿਚ ਵੀਡੀਓ ਫੁਟੇਜ ਅਤੇ ਗਵਾਹਾਂ ਦੇ ਬਿਓਰਾ ਦੇ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਸੀ ਕਿ ਨਿੱਝਰ ਦੇ ਕਤਲ ਵਿਚ ਘੱਟੋ-ਘੱਟ 6 ਲੋਕ ਸ਼ਾਮਲ, ਜੋ 2 ਵਾਹਨਾਂ ‘ਚ ਸਵਾਰ ਸਨ। ਸਤੰਬਰ ਵਿਚ ਟਰੂਡੋ ਨੇ ਦੇਸ਼ ਦੀ ਪਾਰਲੀਮੈਂਟ ਵਿਚ ਖੜ੍ਹ ਕੇ ਕਿਹਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟ ਦਾ ਹੱਥ ਹੈ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।