ਮੈਲਬਰਨ, 20 ਅਕਤੂਬਰ (ਪੰਜਾਬ ਮੇਲ)- ਆਸਟਰੇਲੀਆ ਦੀ ਸੁਰੱਖਿਆ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਮਾਈਕ ਬਰਜਸ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤ ਸਰਕਾਰ ਦੀ ਭੂਮਿਕਾ ਹੋਣ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਦੇ ਦਾਅਵੇ ‘ਤੇ ਸਵਾਲ ਚੁੱਕਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਹੈ। ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ। ਮਾਈਕ ਬਰਜਸ ਨੇ ਦੱਸਿਆ ਕਿ ਇਹ ਬਹੁਤ ਹੀ ਗੰਭੀਰ ਦੋਸ਼ ਹੈ ਅਤੇ ਕਿਸੇ ਵੀ ਮੁਲਕ ਨੂੰ ਅਜਿਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਹੈ। ਬਰਜਸ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਉਹ ਕੈਲੀਫੋਰਨੀਆ ‘ਚ ਫਾਈਵ ਆਈਜ਼ ਇੰਟੈਲੀਜੈਂਸ ਭਾਈਵਾਲਾਂ (ਆਸਟਰੇਲੀਆ, ਅਮਰੀਕਾ, ਬਰਤਾਨੀਆ, ਕੈਨੇਡਾ ਅਤੇ ਨਿਊਜ਼ੀਲੈਂਡ) ਦੀ ਮੀਟਿੰਗ ‘ਚ ਸ਼ਾਮਲ ਸਨ। ਖ਼ੁਫ਼ੀਆ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਨਿੱਝਰ ਹੱਤਿਆ ਕਾਂਡ ਦਾ ਮੁੱਦਾ ਮੀਟਿੰਗ ਦੌਰਾਨ ਵਿਚਾਰਿਆ ਗਿਆ ਜਾਂ ਨਹੀਂ ਪਰ ਸੂਤਰਾਂ ਨੇ ‘ਏਬੀਸੀ’ ਨੂੰ ਦੱਸਿਆ ਕਿ ਬਰਜਸ ਨੂੰ ਪਿਛਲੇ ਮਹੀਨੇ ਦਿੱਲੀ ‘ਚ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਭਾਰਤੀ ਏਜੰਟਾਂ ਲਈ ਆਸਟਰੇਲੀਆ ਅਗਲਾ ਨਿਸ਼ਾਨਾ ਹੋਣ ਬਾਰੇ ਬਰਜਸ ਨੇ ਕਿਹਾ ਕਿ ਇਹ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਰਕਾਰ ਨੇ ਆਸਟਰੇਲੀਆ ‘ਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਉਸ ਨਾਲ ਢੁੱਕਵੇਂ ਢੰਗ ਨਾਲ ਸਿੱਝਣਗੇ।