ਸਿਆਟਲ, 6 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਰੀ ਸਿੱਖ ਯੂਥ ਵੱਲੋਂ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੇ ਖੁੱਲ੍ਹੇ ਮੈਦਾਨ ਵਿਚ ਅੰਤਰਰਾਸ਼ਟਰੀ ਕਬੱਡੀ, ਕੁਸ਼ਤੀ, ਵਾਲੀਬਾਲ, ਵੇਟਲਿਫਟਿੰਗ ਟੂਰਨਾਮੈਂਟ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜਿੱਥੇ ਮੀਂਹ ਵਰਦਿਆਂ ਹੀ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਕੈਨੇਡਾ ਕੇਸਰੀ ਖਿਤਾਬ ਲਈ ਨਿਸ਼ਾਨ ਸਿੰਘ ਰੰਧਾਵਾ ਤੇ ਬਲਤੇਜ ਮੁੰਡੀ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ ਬੂਟਾ ਸਿੰਘ ਉਸਤਾਦ ਦਾ ਲੜਕਾ ਨਿਸ਼ਾਨ ਸਿੰਘ ਰੰਧਾਵਾ ਕੈਨੇਡਾ ਕੇਸਰੀ ਜਿੱਤਣ ਵਿਚ ਕਾਮਯਾਬ ਰਿਹਾ। ਗੁਰਜੀਤ ਸਿੰਘ ਪੂਰੇਵਾਲ, ਸਤਨਾਮ ਸਿੰਘ ਜੌਹਲ ਤੇ ਕੁਲਵੰਤ ਸਿੰਘ ਸ਼ਾਹ ਸਿਆਟਲ ਨੇ ਇਨਾਮ ਵੰਡੇ। 16 ਸਾਲ ਤੋਂ ਘੱਟ ਉਮਰ ਵਿਚ ਗੁਰਲੀਨ ਕੌਰ ਢਿੱਲੋਂ ਨੇ ਬਾਲ ਕੇਸਰੀ ਦਾ ਖਿਤਾਬ ਜਿੱਤਿਆ। ਬੂਟਾ ਸਿੰਘ ਢੀਂਡਸਾ ਉਸਤਾਦ ਦੇ ਲੜਕੇ ਜਗਰੂਪ ਸਿੰਘ ਢੀਂਡਸਾ ਨੇ 16 ਸਾਲ ਤੋਂ ਘੱਟ ਬਾਲ ਕੇਸਰੀ ਦਾ ਖਿਤਾਬ ਜਿੱਤਿਆ। ਰੁਪਿੰਦਰ ਕੌਰ ਜੌਹਲ ਜਿਸ ਨੂੰ ਪੈਨ ਅਮਰੀਕਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਬੈਸਟ ਰੈਸਲਰ ਐਲਾਨਿਆ ਗਿਆ ਸੀ, ਨੂੰ ਕੈਨੇਡਾ ਕੇਸਰੀ (ਲੜਕੀਆਂ) ਖਿਤਾਬ ਨਾਲ ਨਿਵਾਜਿਆ ਗਿਆ। ਸੁੱਚਾ ਸਿੰਘ ਪਹਿਲਵਾਨ (ਕੋਚ), ਬੂਟਾ ਸਿੰਘ ਢੀਂਡਸਾ ਉਸਤਾਦ, ਅਮਨ ਸਿੰਘ ਢਿੱਲੋਂ (ਕੋਚ) ਤੇ ਰਾਣਾ ਪਹਿਲਵਾਨ ਨੇ ਸਿੱਖ ਯੂਥ ਕਲੱਬ ਦੇ ਪ੍ਰਧਾਨ ਰਘਬੀਰ ਸਿੰਘ ਨਿੱਝਰ ਤੇ ਸਮੁੱਚੀ ਪ੍ਰਬੰਧਕ ਟੀਮ ਦਾ ਧੰਨਵਾਦ ਕੀਤਾ। ਟੂਰਨਾਮੈਂਟ ਕਾਮਯਾਬ ਰਿਹਾ। ਜਿੱਥੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।