#INDIA

ਨਿਠਾਰੀ ਕਾਂਡ: ਅਲਾਹਾਬਾਦ ਹਾਈ ਕੋਰਟ ਵੱਲੋਂ ਸਬੂਤਾਂ ਦੀ ਅਣਹੋਂਦ ‘ਚ ਪੰਧੇਰ ਅਤੇ ਕੋਲੀ ਬਰੀ

ਪ੍ਰਯਾਗਰਾਜ/ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਅਲਾਹਾਬਾਦ ਹਾਈ ਕੋਰਟ ਨੇ 2006 ਦੇ ਨਿਠਾਰੀ ਲੜੀਵਾਰ ਹੱਤਿਆਵਾਂ ਮਾਮਲੇ ਵਿਚ ਘਰੇਲੂ ਨੌਕਰ ਸੁਰੇਂਦਰ ਕੋਲੀ ਤੇ ਉਸ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਨੂੰ ਸਬੂਤਾਂ ਦੀ ਅਣਹੋਂਦ ਵਿਚ ਬਰੀ ਕਰ ਦਿੱਤਾ ਹੈ। ਇਸ ਦੌਰਾਨ ਸੀ.ਬੀ.ਆਈ. ਅਧਿਕਾਰੀ ਨੇ ਕਿਹਾ ਕਿ ਟੀਮ ਨੂੰ ਫੈਸਲੇ ਦੀ ਕਾਪੀ ਦੀ ਉਡੀਕ ਹੈ ਤੇ ਉਹ ਫੈਸਲੇ ਦੀ ਸਮੀਖਿਆ ਮਗਰੋਂ ਅਗਲੀ ਪੇਸ਼ਕਦਮੀ ਬਾਰੇ ਫੈਸਲਾ ਲੈਣਗੇ। ਹਾਈ ਕੋਰਟ ਦੇ ਫੈਸਲੇ ਨਾਲ ਲੂ ਕੰਡੇ ਖੜ੍ਹੇ ਕਰ ਦੇਣ ਵਾਲੇ ਅਪਰਾਧ ਦੀਆਂ ਯਾਦਾਂ ਮੁੜ ਲੋਕਾਂ ਦੇ ਜ਼ਿਹਨ ਵਿਚ ਤਾਜ਼ਾ ਹੋ ਗਈਆਂ ਹਨ। ਨੌਇਡਾ ਸਥਿਤ ਬੰਗਲੇ ਦੇ ਪਿੱਛਿਓਂ ਲੰਘਦੇ ਨਾਲੇ ਵਿਚੋਂ ਉਪਰੋਥੱਲੀ ਕਈ ਪਿੰਜਰ ਮਿਲਣ ਮਗਰੋਂ ਨੌਜਵਾਨ ਲੜਕੀਆਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਨਸਨੀਖੇਜ਼ ਅਪਰਾਧ ਤੋਂ ਪਰਦਾ ਚੁੱਕਿਆ ਗਿਆ ਸੀ।
ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਸੱਯਦ ਆਫ਼ਤਾਬ ਹੁਸੈਨ ਰਿਜ਼ਵੀ ਦੇ ਬੈਂਚ ਨੇ ਕੋਲੀ ਤੇ ਪੰਧੇਰ ਦੀ ਗਾਜ਼ੀਆਬਾਦ ਦੀ ਸੀ.ਬੀ.ਆਈ. ਕੋਰਟ ਵੱਲੋਂ ਸੁਣਾਈ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰ ਲਿਆ। ਹਾਈ ਕੋਰਟ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸਤਗਾਸਾ ਧਿਰ ਆਪਣੇ ਕੇਸ ਨੂੰ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਕਾਰੋਬਾਰੀ ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਦੱਸਿਆ, ”ਅਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਨਾਲ ਸ਼ਾਇਦ ਪੰਧੇਰ ਲਈ ਜੇਲ੍ਹ ‘ਚੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਜਾਵੇ।” ਹਾਲਾਂਕਿ ਕੋਲੀ ਨੂੰ ਅਜੇ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ ਹੈ। ਇਕ ਕੇਸ ਵਿਚ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੋਲੀ, ਜੋ ਇਸ ਵੇਲੇ ਗਾਜ਼ੀਆਬਾਦ ਦੀ ਜੇਲ੍ਹ ਵਿਚ ਬੰਦ ਹੈ, ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਸੁਣੇ 12 ਕੇਸਾਂ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੋਲੀ ਦਾ ਸਾਬਕਾ ਮਾਲਕ ਪੰਧੇਰ ਨੌਇਡਾ ਦੀ ਜੇਲ੍ਹ ਵਿਚ ਹੈ ਤੇ ਦੋ ਕੇਸਾਂ ਵਿਚ ਉਹ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਦੋਵਾਂ ਉੱਤੇ ਬਲਾਤਕਾਰ ਤੇ ਕਤਲ ਦਾ ਦੋਸ਼ ਸੀ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਸੀ। ਸਾਲ 2007 ਵਿਚ ਪੰਧੇਰ ਤੇ ਕੋਲੀ ਖਿਲਾਫ਼ ਕੁੱਲ 19 ਕੇਸ ਦਰਜ ਹੋਏ ਸਨ। ਸੀ.ਬੀ.ਆਈ. ਸਬੂਤਾਂ ਦੀ ਅਣਹੋਂਦ ਵਿਚ ਇਨ੍ਹਾਂ ਵਿਚੋਂ ਤਿੰਨ ਕੇਸਾਂ ਵਿਚ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਹੈ। ਬਾਕੀ ਬਚਦੇ 16 ਕੇਸਾਂ ਵਿਚੋਂ ਤਿੰਨ ਵਿਚ ਕੋਲੀ ਨੂੰ ਬਰੀ ਕੀਤਾ ਜਾ ਚੁੱਕਾ ਹੈ ਤੇ ਇਕ ਵਿਚ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਹੋ ਚੁੱਕੀ ਹੈ। ਕੋਲੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਯੂ.ਪੀ. ਸਰਕਾਰ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਅਜੇ ਬਕਾਇਆ ਹੈ। ਬਾਕੀ ਬਚਦੇ 12 ਕੇਸਾਂ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। ਪੰਧੇਰ ਦੇ ਵਕੀਲ ਨੇ ਕਿਹਾ ਕਿ ਸ਼ੁਰੂਆਤ ਵਿਚ ਉਸ ਦੇ ਮੁਵੱਕਿਲ ਖਿਲਾਫ਼ ਛੇ ਕੇਸਾਂ ਵਿਚ ਦੋਸ਼ ਲੱਗੇ ਸਨ। ਇਕ ਕੇਸ ਸੀ.ਬੀ.ਆਈ. ਦਾ ਸੀ, ਜਦੋਂਕਿ ਪੰਜ ਕੇਸ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕੀਤੇ ਗਏ ਸਨ। ਭੰਡਾਰੀ ਨੇ ਕਿਹਾ ਕਿ ਸੈਸ਼ਨ ਕੋਰਟ ਤਿੰਨ ਕੇਸਾਂ ਵਿਚ ਪੰਧੇਰ ਨੂੰ ਬਰੀ ਕਰ ਚੁੱਕੀ ਹੈ। ਅਲਾਹਾਬਾਦ ਹਾਈ ਕੋਰਟ ਨੇ 2009 ‘ਚ ਇਕ ਕੇਸ ਜਦੋਂਕਿ ਅੱਜ ਦੋ ਹੋਰ ਕੇਸਾਂ ਵਿਚ ਬਰੀ ਕਰ ਦਿੱਤਾ।
ਘਰੇਲੂ ਨੌਕਰ ਸੁਰੇਂਦਰ ਕੋਲੀ ਦੋ ਵਾਰ ਫਾਹੇ ਟੰਗਣ ਤੋਂ ਬਚਿਆ। ਅਲਾਹਾਬਾਦ ਹਾਈ ਕੋਰਟ ਵੱਲੋਂ ਸੁਣਾਏ ਫੈਸਲੇ ਮਗਰੋਂ ਇਕ ਵਾਰ ਫਿਰ ਕੋਲੀ ਨੂੰ ਵੱਡੀ ਰਾਹਤ ਮਿਲੀ ਹੈ। ਕੋਲੀ 2011 ਅਤੇ 2014 ਵਿਚ ਕਾਨੂੰਨੀ ਅਮਲ ਦੇ ਦਾਅ ਪੇਚਾਂ ਕਰਕੇ ਦੋ ਮੌਤ ਦੇ ਵਾਰੰਟਾਂ ਨੂੰ ਭਾਂਜ ਦੇਣ ‘ਚ ਸਫਲ ਰਿਹਾ। 14 ਸਾਲ ਦੀ ਲੜਕੀ ਦੇ ਬਲਾਤਕਾਰ ਤੇ ਕਤਲ ਕੇਸ ਵਿਚ ਗਾਜ਼ੀਆਬਾਦ ਦੀ ਵਿਸ਼ੇਸ਼ ਕੋਰਟ ਵੱਲੋਂ ਦੋ ਵਾਰ ਮੌਤ ਦੇ ਵਾਰੰਟ ਜਾਰੀ ਕੀਤੇ ਗਏ, ਪਰ ਕੋਲੀ ਵੱਲੋਂ ਫਾਂਸੀ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਵਰਤੇ ਕਾਨੂੰਨੀ ਦਾਅ ਪੇਚ ਕਰਕੇ ਇਹ ਅਮਲ ਵਿਚ ਨਹੀਂ ਆ ਸਕੇ।

ਨਿਆਂ ਨਾ ਮਿਲਣ ਤੋਂ ਨਿਰਾਸ਼ ਹਨ ਪੀੜਤ ਪਰਿਵਾਰ
ਨੌਇਡਾ: ਨਿਠਾਰੀ ਕਾਂਡ ਦੇ ਪੀੜਤਾਂ ਨੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਨਿਰਾਸ਼ਾ ਜਤਾਈ ਹੈ। ਮਜ਼ਦੂਰ ਰਾਮ ਕਿਸ਼ਨ, ਜਿਸ ਦਾ ਤਿੰਨ ਸਾਲ ਦਾ ਪੁੱਤ 2006 ਲੜੀਵਾਰ ਹੱਤਿਆਵਾਂ ਦੇ ਪੀੜਤਾਂ ਵਿਚੋਂ ਇਕ ਸੀ, ਨੇ ਫੈਸਲੇ ਮਗਰੋਂ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਦੇ ਨਿਠਾਰੀ ਵਿਚਲੇ ਬੰਦ ਪਏ ਬੰਗਲੇ ‘ਤੇ ਇੱਟ ਮਾਰ ਕੇ ਆਪਣਾ ਗੁੱਸਾ ਕੱਢਿਆ। ਰਾਮ ਕਿਸ਼ਨ ਹਾਲਾਂਕਿ ਉਥੇ ਮੌਜੂਦ ਪੱਤਰਕਾਰਾਂ ਨਾਲ ਗੱਲ ਕੀਤੇ ਬਿਨਾ ਹੀ ਉਥੋਂ ਚਲਾ ਗਿਆ। ਪੰਧੇਰ ਤੇ ਉਸ ਦੇ ਘਰੇਲੂ ਨੌਕਰ ਸੁਰੇਂਦਰ ਕੋਲੀ ਨੂੰ ਬਰੀ ਕੀਤੇ ਜਾਣ ਨਾਲ ਪੀੜਤਾਂ ਦੇ ਜ਼ਖ਼ਮ ਅੱਲ੍ਹੇ ਹੋ ਗਏ ਹਨ। ਝੱਬੂ ਲਾਲ ਤੇ ਸੁਨੀਤਾ ਦੇਵੀ, ਜਿਨ੍ਹਾਂ ਆਪਣੀ ਧੀ ਗੁਆਈ ਸੀ, ਨੇ ਕਿਹਾ, ”ਅਸੀਂ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਇਹ ਸਹੀ ਨਹੀਂ ਹੈ। ਜਦੋਂ ਕਈ ਬੱਚਿਆਂ ਦੀ ਹੱਤਿਆਵਾਂ ਕਰਨ ਵਾਲੇ ਨੂੰ ਬਰੀ ਕੀਤਾ ਜਾਂਦਾ ਹੈ, ਤਾਂ ਸੋਚ ਕੇ ਦੇਖੋ ਜਿਹੜੇ ਇਕ ਜਾਂ ਦੋ ਵਿਅਕਤੀਆਂ ਨੂੰ ਮਾਰਦੇ ਹਨ, ਉਨ੍ਹਾਂ ਨੂੰ ਕੀ ਸਜ਼ਾਵਾਂ ਮਿਲਣਗੀਆਂ।”

Leave a comment