#INDIA

ਨਿਊ ਯਾਰਕ ਤੋਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ’ਚ ਸ਼ਰਾਬੀ ਹੋਏ ਮੁਸਾਫ਼ਰ ਨੇ ਸਾਥੀ ਪੁਰਸ਼ ਮੁਸਾਫ਼ਰ ’ਤੇ ਕੀਤਾ ਪਿਸ਼ਾਬ

ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)- ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ਵਿੱਚ ਸ਼ਰਾਬੀ ਹੋਏ ਮੁਸਾਫ਼ਰ ਨੇ ਸਾਥੀ ਪੁਰਸ਼ ਮੁਸਾਫ਼ਰ ’ਤੇ ਕਥਿਤ ਪਿਸ਼ਾਬ ਕਰ ਦਿੱਤਾ। ਇਹ ਕਥਿਤ ਘਟਨਾ ਉਡਾਣ ਸੰਖਿਆ ਏਏ292, ਜਿਸ ਨੇ ਨਿਊ ਯਾਰਕ ਤੋਂ ਸ਼ੁੱਕਰਵਾਰ ਨੂੰ ਰਾਤ 9:16 ਵਜੇ ਪਰਵਾਜ਼ ਭਰੀ ਸੀ, ਵਿੱਚ ਘਟੀ ਦੱਸੀ ਜਾ ਰਹੀ ਹੈ। ਉਡਾਣ 14 ਘੰਟੇ 26 ਮਿੰਟ ਮਗਰੋਂ ਸ਼ਨਿੱਚਰਵਾਰ ਨੂੰ ਰਾਤ 10:12 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉੱਤਰੀ ਸੀ। ਦਿੱਲੀ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਸਾਨੂੰ ਅਮਰੀਕੀ ੲੇਅਰਲਾਈਨ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਇਕ ਵਿਅਕਤੀ ਨੇ ਸਾਥੀ ਮੁਸਾਫ਼ਰ ’ਤੇ ਪਿਸ਼ਾਬ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਆਰੀਆ ਵੋਹਰਾ (20) ਵਜੋਂ ਦੱਸੀ ਗਈ ਹੈ, ਜੋ ਅਮਰੀਕਾ ਵਿੱਚ ਵਿਦਿਆਰਥੀ ਹੈ ਤੇ ਦਿੱਲੀ ਦੀ ਡਿਫੈਂਸ ਕਲੋਨੀ ਦਾ ਵਸਨੀਕ ਹੈ। ਅਸੀਂ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ।’’ ਹਵਾਈ ਅੱਡੇ ਉੱਤੇ ਇਕ ਸੂਤਰ ਨੇ ਕਿਹਾ, ‘‘ਮੁਲਜ਼ਮ ਅਮਰੀਕੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਹ ਨਸ਼ੇ ਦੀ ਹਾਲਤ ਵਿੱਚ ਸੀ ਤੇ ਉਸ ਨੇ ਸੁੱਤੇ ਪਏ ਨੇ ਪਿਸ਼ਾਬ ਕਰ ਦਿੱਤਾ। ਪਿਸ਼ਾਬ ਕਿਸੇ ਤਰੀਕੇ ਨਾਲ ਬੈਠੇ ਮੁਸਾਫ਼ਰ ’ਤੇ ਜਾ ਡਿੱਗਾ ਤੇ ਉਸ ਨੇ ਅੱਗੇ ਅਮਲੇ ਨੂੰ ਸ਼ਿਕਾਇਤ ਕੀਤੀ।’’ ਸੂਤਰ ਨੇ ਕਿਹਾ ਕਿ ਉਡਾਣ ਦੇ ਦਿੱਲੀ ਉੱਤਰਦੇ ਹੀ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਵੱਲੋਂ ਸਬੰਧਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਉਡਾਣ ਦੌਰਾਨ ਸਾਥੀ ਮੁਸਾਫ਼ਰ ’ਤੇ ਪਿਸ਼ਾਬ ਕੀਤੇ ਜਾਣ ਦਾ ਇਹ ਦੂਜਾ ਮਾਮਲਾ ਹੈ। ਪਿਛਲੇ ਸਾਲ 26 ਨਵੰਬਰ ਨੂੰ ਨਿਊ ਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੌਰਾਨ ਸ਼ੰਕਰ ਮਿਸ਼ਰਾ ਨਾਂ ਦੇ ਸ਼ਖ਼ਸ ਨੇ ਸ਼ਰਾਬੀ ਹਾਲਤ ਵਿੱਚ ਸਾਥੀ ਬਜ਼ੁਰਗ ਮਹਿਲਾ ਮੁਸਾਫਰ ’ਤੇ ਕਥਿਤ ਪਿਸ਼ਾਬ ਕੀਤਾ ਸੀ। ਇਸ ਘਟਨਾ ਵਿੱਚ ਕੇਸ ਦਰਜ ਕਰਨ ਮਗਰੋਂ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਿਸ਼ਰਾ ਨੂੰ ਇਕ ਮਹੀਨਾ ਜੇਲ੍ਹ ’ਚ ਰਹਿਣ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਉਧਰ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਇਹ ਮਾਮਲਾ ਸਮੇਂ ਸਿਰ ਰਿਪੋਰਟ ਨਾ ਕਰਨ ਬਦਲੇ ੲੇਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ। ਦਿੱਲੀ ਪੁਲੀਸ ਭਾਵੇਂ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਮਿਸ਼ਰਾ ਉੱਤੇ ਚਾਰ ਮਹੀਨਿਆਂ ਲਈ ਹਵਾਈ ਸਫ਼ਰ ਕਰਨ ਦੀ ਪਾਬੰਦੀ ਆਇਦ ਹੈ।

Leave a comment