#AMERICA

ਨਿਊ ਮੈਕਸੀਕੋ ‘ਚ ਪਿਛਲੇ ਸਾਲ ਹੋਈ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ‘ਚ ਪੁਲਿਸ ਅਫਸਰ ਵਿਰੁੱਧ ਦੋਸ਼ ਆਇਦ

ਸੈਕਰਾਮੈਂਟੋ, 11 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿਚ ਪਿਛਲੇ ਸਾਲ ਇਕ ਗੈਸ ਸਟੇਸ਼ਨ ਦੇ ਬਾਹਰਵਾਰ ਪੁਲਿਸ ਹਥੋਂ ਮਾਰੇ ਗਏ ਇਕ ਕਾਲੇ ਵਿਅਕਤੀ ਦੇ ਮਾਮਲੇ ‘ਚ ਇਕ ਪੁਲਿਸ ਅਫਸਰ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕਰਨ ਦੀ ਖਬਰ ਹੈ। ਸਟੇਟ ਅਟਾਰਨੀ ਜਨਰਲ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਪੁਲਿਸ ਅਫਸਰ ਦੁਆਰਾ ਤਾਕਤ ਦੀ ਵਰਤੋਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਲਾਸ ਕਰੂਸਸ ਦਾ ਪੁਲਿਸ ਅਫਸਰ ਬਰਾਡ ਲੂਨਸਫੋਰਡ ਡੋਨਾ ਅਨਾ ਕਾਊਂਟੀ ਦੇ ਸ਼ੈਰਿਫ ਦਫਤਰ ‘ਚ ਆਪਣੇ ਵਕੀਲ ਨਾਲ ਪੇਸ਼ ਹੋਇਆ। ਨਿਊ ਮੈਕਸੀਕੋ ਅਟਾਰਨੀ ਜਨਰਲ ਰਾਊਲ ਟੋਰੇਜ਼ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਉਸ ਵਿਰੁੱਧ ਹੋਰ ਦੋਸ਼ਾਂ ਤੋਂ ਇਲਾਵਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਬਾਅਦ ਵਿਚ ਉਸ ਨੂੰ ਨਿੱਜੀ ਮੁਚਲਕੇ ‘ਤੇ ਰਿਹਾਅ ਕਰ ਦਿੱਤਾ ਗਿਆ। ਪਿਛਲੇ ਸਾਲ 2 ਅਗਸਤ ਨੂੰ ਪ੍ਰੈਸਲੇਅ ਏਜ਼ਾ ਨਾਮੀ ਕਾਲਾ ਵਿਅਕਤੀ ਕਥਿੱਤ ਤੌਰ ‘ਤੇ ਲੂਨਸਫਰੋਡ ਵੱਲੋਂ ਚਲਾਈ ਗੋਲੀ ਨਾਲ ਉਸ ਵੇਲੇ ਮਾਰਿਆ ਗਿਆ ਸੀ, ਜਦੋਂ ਉਹ ਇਕ ਸਟੋਰ ਵਿਚੋਂ ਬਿਨਾਂ ਪੈਸੇ ਦਿੱਤੇ ਬੀਅਰ ਚੁੱਕ ਕੇ ਲੈ ਗਿਆ ਸੀ।

Leave a comment