13.1 C
Sacramento
Thursday, June 1, 2023
spot_img

ਨਿਊਯਾਰਕ ਨਿਵਾਸੀ ਬਲਦੇਵ ਸਿੰਘ ਗਰੇਵਾਲ ਦਾ ਨਵ ਪ੍ਰਕਾਸ਼ਿਤ ਨਾਵਲ ‘ਇਕ ਹੋਰ ਪੁਲ ਸਰਾਤ’ ਰਿਲੀਜ਼

ਪੁਲ ਸਰਾਤ ਦਾ ਰਸਤਾ ਅਸਲੋਂ ਵੱਖਰਾ ਹੈ – ਬੁਲਾਰੇ
ਸਰੀ, 30 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਨਿਊਯਾਰਕ ਨਿਵਾਸੀ ਬਲਦੇਵ ਸਿੰਘ ਗਰੇਵਾਲ ਦੇ ਨਵ ਪ੍ਰਕਾਸ਼ਿਤ ਨਾਵਲ ‘ਇਕ ਹੋਰ ਪੁਲ ਸਰਾਤ’ ਦੇ ਰਿਲੀਜ਼ ਸਮਾਗਮ ਦੌਰਾਨ ਪਿਛਲੇ ਚਾਰ ਦਹਾਕਿਆਂ ਵਿਚ ਆਏ ਉਤਰਾ-ਚੜਾਅ ਅਤੇ ਪੰਜਾਬੀਆਂ ਜਾਂ ਹੋਰ ਸੂਬਿਆਂ ਦੇ ਪਰਵਾਸ ਵੱਲ ਵਧਦੇ ਕਦਮਾਂ ਨੂੰ ਬਿਆਨ ਕਰਦਾ ਇਹ ਨਾਵਲ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਸੁਰਜੀਤ ਪਾਤਰ, ਡਾ. ਹਰਜੀਤ (ਦੂਰਦਰਸ਼ਨ), ਡਾ. ਤੇਜਿੰਦਰ ਕੌਰ, ਹੈਲਿਨਾ, ਗਿਆਨ ਸਿੰਘ, ਡਾ. ਗੁਰਇਕਬਾਲ ਸਿੰਘ, ਸੰਦੀਪ ਸ਼ਰਮਾ, ਅਮਰਜੀਤ ਸਿੰਘ ਗਰੇਵਾਲ ਅਤੇ ਸਤੀਸ਼ ਗੁਲਾਟੀ ਨੇ ਸਾਂਝੇ ਤੌਰ ’ਤੇ ਰੀਲੀਜ਼ ਕੀਤਾ।
ਚੇਤਨਾ ਪ੍ਰਕਾਸ਼ਨ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਨਾਵਲ ’ਤੇ ਬੋਲਦਿਆਂ ਸਭ ਵਿਦਵਾਨਾਂ ਨੇ ਕੁਝ ਵੱਖਰੇ ਅਨੁਭਵ ਸਾਂਝੇ ਕੀਤੇ। ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸ਼ਰਮਾ ਨੇ ਨਾਵਲ ‘ਇਕ ਹੋਰ ਪੁਲ ਸਰਾਤ’ ਬਾਰੇ ਵਿਸਥਾਰ ਸਹਿਤ ਬੋਲਦਿਆਂ ਕਿਹਾ ਕਿ ਗ਼ੈਰ ਕਾਨੂੰਨੀ ਢੰਗ ਨਾਲ ਇੰਮੀਗਰੇਸ਼ਨ ਏਜੰਸੀਆਂ ਦੇ ਬਹਿਕਾਵੇ ਵਿਚ ਆ ਕੇ ਜੋ ਲੋਕ ਅਮਰੀਕਾ ਜਾਂ ਹੋਰ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ ਜਾਂ ਜਾਂਦੇ ਹਨ, ਜੋ ਦੁੱਖ ਤਕਲੀਫ਼ਾਂ ਉਨ੍ਹਾਂ ਨੂੰ ਝੱਲਣੀਆਂ ਪੈਂਦੀਆਂ ਹਨ, ਸੁਖਜੀਤ ਸਿੰਘ ਦੇ ਪਾਤਰ ਰਾਹੀਂ ਜਾਂ ਆਰਿਫ਼ ਫੁੰਮਣ ਸਿੰਘ, ਅੰਮ੍ਰਿਤਾ ਵਰਗੇ ਅਨੇਕਾਂ ਪਾਤਰਾਂ ਰਾਹੀਂ ਜੋ ਬਿਆਨ ਗਹਿਰਾਈ ਵਿੱਚ ਲੇਖਕ ਨੇ ਕੀਤਾ ਹੈ ਉਹ ਕਾਬਿਲੇ ਤਾਰੀਫ਼ ਹੈ। ਨਾਵਲ ਦਾ ਕਥਾਰਸ ਏਨਾ ਸ਼ਕਤੀਸ਼ਾਲੀ ਹੈ ਕਿ ਰੌਂਗਟੇ ਖੜ੍ਹੇ ਕਰਦਾ ਹੈ ਤੇ ਵਿੱਚੋਂ ਛੱਡਣ ਨੂੰ ਮਨ ਨਹੀਂ ਕਰਦਾ। ਡਾ. ਗੁਰਇਕਬਾਲ ਨੇ ਨਾਵਲ ਬਾਰੇ ਬਾਬੇ ਕੇ ਜਾਂ ਬਾਬਰ ਕੇ ਦੇ ਪ੍ਰਤੀਕਾਂ ਰਾਹੀਂ ਪ੍ਰਸ਼ਨ ਖੜ੍ਹੇ ਕੀਤੇ| ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਨਾਵਲ ਦੇ ਪਾਤਰਾਂ ਬਾਰੇ ਬਿਆਨ ਅਤੇ ਲੇਖਕ ਦਾ ਖ਼ੂਬਸੂਰਤ ਵਰਨਣ ਨਾਵਲ ਵਿਚ ਕਸ਼ਿਸ਼ ਪੈਦਾ ਕਰਦਾ ਹੈ। ਪਾਠਕ ਨਾਵਲ ਖ਼ਤਮ ਕੀਤੇ ਬਿਨਾਂ ਰਹਿ ਨਹੀਂ ਸਕਦਾ। ਇਹ ਹੀ ਨਾਵਲ ਦੀ ਪ੍ਰਾਪਤੀ ਹੈ।
ਅਮਰਜੀਤ ਸਿੰਘ ਗਰੇਵਾਲ ਨੇ ਪੰਜਾਬ ਸੰਕਟ ਨਾਲ ਸਬੰਧਤ ਮੁਸ਼ਕਿਲਾਂ ਦਾ ਬਾਖ਼ੂਬੀ ਬਿਆਨ ਕੀਤਾ ਕਿ ਕਿਉਂ ਲੋਕ ਬਾਹਰ ਵੱਲ ਰੁਚਿਤ ਹੁੰਦੇ ਹਨ। ਨਾਵਲ ਬਾਰੇ ਡਾ. ਹਰਜੀਤ (ਦੂਰਦਰਸ਼ਨ) ਨੇ ਸਿਨੇਮਾ ਅਤੇ ਨਾਵਲ ਦੇ ਸੰਦਰਭ ਵਿਚ ਪਹਿਲ ਦਿੰਦਿਆਂ ਕਿਹਾ ਕਿ ਸਾਹਿਤਕ ਰਚਨਾਵਾਂ ਤੇ ਬਹੁਤ ਘੱਟ ਫ਼ਿਲਮਾਂ ਹੋਂਦ ਵਿਚ ਆਉਂਦੀਆਂ ਹਨ, ਕਿਉਂਕਿ ਉੱਥੇ ਪਹਿਲਾਂ ਵਿਉਪਾਰ ਦੇਖਿਆ ਜਾਂਦਾ ਹੈ ਅਤੇ ਬਾਅਦ ਵਿਚ ਕਹਾਣੀ ਜਾਂ ਨਾਵਲ।
ਬਹੁਤ ਘੱਟ ਸਮੇਂ ਵਿਚ ਹੀ ਡਾ. ਸੋਮਪਾਲ ਅਤੇ ਉਸ ਦੀ ਜੀਵਨ ਸਾਥਣ ਕਮਲ ਨੇ ਨਾਵਲ ਦੇ ਦੋ ਕਾਂਡਾਂ ਤੇ ਆਧਾਰਿਤ ਪੰਦਰਾਂ ਮਿੰਟ ਦੀ ਨਾਟਕੀ ਪੇਸ਼ਕਾਰੀ ਕਰ ਕੇ ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿੱਚਣ ’ਚ ਕਾਮਯਾਬੀ ਹਾਸਲ ਕੀਤੀ। ਹੈਲਿਨਾ ਨੇ ਜਰਮਨੀ ਭਾਸ਼ਾ ਵਿਚ ਬਲਦੇਵ ਸਿੰਘ ਗਰੇਵਾਲ ਬਾਰੇ ਚਾਨਣਾ ਪਾਇਆ, ਜਿਸ ਦਾ ਅਨੁਵਾਦ ਗਿਆਨ ਸਿੰਘ ਨੇ ਬਾਖ਼ੂਬੀ ਕੀਤਾ ਕਿ ਹੈਲਿਨਾ ਨੇ ਪੰਜਾਬੀ ਰਵਾਇਤ ਤੋਂ ਵੱਖਰੇ ਮਹਿਸੂਸਦਿਆਂ ਜਿਵੇਂ ਗੁਰਬਾਣੀ ਦੀ ਤੁਕ ਹੈ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ’ ਦੇ ਵਾਕ ਨੂੰ ਆਪਣੀ ਹਿੰਮਤ ਸਦਕਾ ਸੱਚਾ ਤੇ ਸੁੱਚਾ ਸ੍ਰੀ ਗੁਰੂ ਨਾਨਕ ਦੇਵ ਵੱਲੋਂ ਦਰਸਾਇਆ ਵਾਤਾਵਰਣ ਫਿਰ ਨਵੇਂ ਸਿਰੇ ਤੋਂ ਪੰਜਾਬ ਦੇ ਵਿਚ ਉਸਾਰ ਕੇ ਇਕ ਵੱਖਰੀ ਕਿਸਮ ਦਾ ਰੋਲ ਅਦਾ ਕੀਤਾ ਹੈ।
ਜਰਨੈਲ ਸਿੰਘ ਸੇਖਾ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਜਾਣ ਦੀ ਵਧ ਰਹੀ ਰੁਚੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਡਾ. ਸੁਰਜੀਤ ਪਾਤਰ ਨੇ ਬਲਦੇਵ ਸਿੰਘ ਗਰੇਵਾਲ ਦੇ ਨਾਵਲ ‘ਇਕ ਹੋਰ ਪੁਲ ਸਰਾਤ’ ਨੂੰ ਹਿੰਮਤ, ਦਲੇਰੀ ਨਾਲ ਲਿਖਿਆ ਨਾਵਲ ਕਿਹਾ ਤੇ ਨਾਲ ਨਾਲ ਪੰਜਾਬ ਦੇ ਸੰਕਟ, ਪਰਵਾਸ ਵੱਲ ਵਧ ਰਹੀਆਂ ਰੁਚੀਆਂ ਬਾਰੇ ਪਿਛਲੇ ਸੌ ਸਾਲਾਂ ਵਿਚ ਚੱਲੇ ਅੰਦੋਲਨਾਂ ਬਾਰੇ ਵੀ ਬਾਖ਼ੂਬੀ ਬਿਆਨ ਕੀਤਾ। ਹਿੰਸਾਮਈ ਅੰਦੋਲਨਾਂ ਦਾ ਹਸ਼ਰ ਹੁੰਦਾ ਵੀ ਦੱਸਿਆ ਤੇ ਸ਼ਾਂਤਮਈ ਅੰਦੋਲਨ ਜਿਵੇਂ ਕਿ ਗੁਰਦਵਾਰਾ ਲਹਿਰ ਅਤੇ ਕਿਸਾਨ ਅੰਦੋਲਨ ਨੂੰ ਮਿਲੇ ਭਰਵੇਂ ਹੁੰਗਾਰੇ ਦਾ ਵੱਖਰਾ ਬਿਆਨ ਕੀਤਾ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ. ਰਵਿੰਦਰ ਭੱਠਲ, ਪ੍ਰੋ. ਗੁਰਭਜਨ ਗਿੱਲ, ਸਰਬਜੀਤ ਸਿੰਘ ਮਾਨ (ਟੋਰਾਂਟੋ), ਡਾ. ਦਵਿੰਦਰਜੀਤ ਸਿੰਘ ਜੀਤਲਾ (ਅਸਟਰੇਲੀਆ), ਅਸ਼ਵਨੀ ਜੇਤਲੀ, ਮਾਸਟਰ ਹਰੀਸ਼, ਬਲਕੌਰ ਸਿੰਘ, ਡਾ. ਸੰਦੀਪ ਕੌਰ ਸੇਖੋਂ, ਸੁਰਿੰਦਰ ਕੌਰ, ਇੰਦਰਜੀਤ ਪਾਲ ਕੌਰ ਭਿੰਡਰ, ਤ੍ਰੈਲੋਚਨ ਲੋਚੀ, ਰਾਜਦੀਪ ਸਿੰਘ ਤੂਰ, ਹਰਜਿੰਦਰ ਸਹਿਜਲ, ਸਾਜਨ, ਕਰਨ, ਸੁਮੀਤ ਗੁਲਾਟੀ, ਗੁਰਪ੍ਰੀਤ ਸਿੰਘ, ਮਨਦੀਪ ਜੋਗੀ ਤੋਂ ਇਲਾਵਾ ਅਮਰਜੀਤ ਸ਼ੇਰਪੁਰੀ ਅਤੇ ਹੋਰ ਸਰੋਤੇ ਹਾਜ਼ਰ ਸਨ। ਸਮਾਗਮ ਦਾ ਸੰਚਾਲਨ ਸ਼ਾਇਰ ਸਤੀਸ਼ ਗੁਲਾਟੀ ਨੇ ਬਾਖੂਬੀ ਕੀਤਾ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles