ਕਿਸੇ ਵੀ ਗਰੀਬ ਦੇ ਘਰ ਜਾ ਕੇ ਰੱਖੜੀ ਮਨਾਓ-ਠਾਕੁਰ ਦਲੀਪ ਸਿੰਘ ਦਾ ਸੰਦੇਸ਼
ਸਰੀ, 7 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਅੱਜ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦਾ 70ਵਾਂ ਜਨਮ ਦਿਹਾੜਾ ਮਲਹੋਤਰਾ ਰਿਜ਼ੋਰਟ ਲੁਧਿਆਣਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਬੀਬੀ ਹਰਪ੍ਰੀਤ ਕੌਰ ਅਤੇ ਰਾਜਪਾਲ ਕੌਰ ਨੇ ਦੱਸਿਆ ਹੈ ਕਿ ਠਾਕੁਰ ਦਲੀਪ ਸਿੰਘ ਸਮਾਜ ਵਿੱਚੋਂ ਜਾਤ ਪਾਤ ਖਤਮ ਕਰਨ, ਨਾਰੀ ਸੋਸ਼ਣ ’ਤੇ ਰੋਕ ਲਾਉਣ, ਇਸਤਰੀ ਜਾਤੀ ਨੂੰ ਹਰ ਖੇਤਰ ਵਿੱਚ ਅੱਗੇ ਲਿਆਉਣ ਅਤੇ ਹਜਾਰਾਂ ਗਰੀਬ ਝੁੱਗੀ ਝੋਂਪੜੀ ਵਾਲੇ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਵਾਲੇ ਕ੍ਰਾਂਤੀਕਾਰੀ ਕਾਰਜ ਕਰਵਾ ਰਹੇ ਹਨ।
ਇਸ ਸਮਾਗਮ ਦਾ ਮੰਚ ਸੰਚਾਲਨ ਲੜਕੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਸੁਣਾ ਕੇ ਨਾਮਧਾਰੀ ਸੰਗਤ ਦੀ ਰਾਸ਼ਟਰਵਾਦੀ ਸੋਚ ਨੂੰ ਪੇਸ਼ ਕਰ ਕੇ ਅਤੇ ਹੋਰ ਕਈ ਸੇਵਾਵਾਂ ਨਿਭਾ ਕੇ ਕੀਤਾ ਗਿਆ। ਇਸ ਮੌਕੇ ਨਾਮਧਾਰੀ ਜਥੇਦਾਰਾਂ ਵੱਲੋਂ ਕਥਾ ਕੀਰਤਨ ਅਤੇ ਇਲਾਹੀ ਬਾਣੀ ਦਾ ਕੀਰਤਨ ਵੀ ਹੋਇਆ। ਇਸ ਸਮਾਗਮ ਦੌਰਾਨ ਨਾਮਧਾਰੀ ਸੰਗਤ ਵੱਲੋਂ 11 ਲੋੜਵੰਦ ਬੱਚੀਆਂ ਦੀ ਪੜ੍ਹਾਈ ਦਾ ਪੂਰੇ ਸਾਲ ਦਾ ਖਰਚਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਨਾਮਧਾਰੀ ਸੰਗਤ ਵੱਲੋਂ 50 ਬੋਤਲਾਂ ਖੂਨ ਦਾਨ ਕੀਤਾ ਗਿਆ।
ਇਸ ਮੌਕੇ ਠਾਕੁਰ ਦਲੀਪ ਸਿੰਘ ਨੇ ਲਾਇਵ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ “ਜੇਕਰ ਤੁਸੀਂ ਮੇਰੇ ਨਾਲ ਪ੍ਰੇਮ ਕਰਦੇ ਹੋ ਤਾਂ ਤੁਸੀਂ ਇਸ ਰੱਖੜੀ ‘ਤੇ ਆਪਣੇ ਨੇੜੇ ਰਹਿੰਦੇ ਗਰੀਬ ਭੈਣਾਂ ਕੋਲ ਜਾਂ ਝੁੱਗੀਆਂ ਵਿੱਚ ਜਾ ਕੇ ਕਿਸੇ ਅਤਿ ਗਰੀਬ ਬੱਚੀਆਂ ਕੋਲੋਂ ਪ੍ਰੇਮ ਨਾਲ ਰੱਖੜੀ ਬਨ੍ਹਵਾ ਕੇ ਉਸ ਨੂੰ ਕੁੱਝ ਉਪਹਾਰ ਦਿਉ ਅਤੇ ਕਿਸੇ ਗਰੀਬ ਦੀ ਸਹਾਇਤਾ ਕਰਨ ਦੀ ਆਦਤ ਪਾਓ।“
ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਅਤੇ ਸ਼ਰਧਾਈ ਵਰਤਾਈ ਗਈ। ਸਮਾਗਮ ਵਿਚ ਰਜਨੀਸ਼ ਧੀਮਾਨ ਪ੍ਰਧਾਨ ਭਾਜਪਾ, ਜੀਵਨ ਗੁਪਤਾ, ਸਿਮਰਜੀਤ ਸਿੰਘ ਬੈਂਸ (ਸਾਬਕਾ ਵਿਧਾਇਕ), ਦਲਜੀਤ ਸਿੰਘ ਗਰੇਵਾਲ (ਵਿਧਾਇਕ), ਪ੍ਰਵੀਨ ਬਾਂਸਲ ਭਾਜਪਾ, ਗੁਰਮੀਤ ਸਿੰਘ ਕੁਲਾਰ (ਫਿਕੋ ਪ੍ਰਧਾਨ), ਤਰਸੇਮ ਸਿੰਘ ਭਿੰਡਰ (ਚੇਅਰਮੈਨ), ਪਰਮਿੰਦਰ ਸਿੰਘ ਸੰਧੂ, ਸੁੰਦਰ ਦਾਸ ਧਮੀਜਾ, ਇੰਸ. ਜਗਜੀਤ ਸਿੰਘ, ਬਾਬਾ ਅਜੀਤ ਸਿੰਘ, ਵਿਕਾਸ ਜੌਲੀ, ਰਾਜੇਸ਼ ਮਿਸ਼ਰਾ, ਹਰਿੰਦਰ ਸਿੰਘ ਲਾਲੀ, ਰਾਕੇਸ਼ ਕਾਲੜਾ, ਨਿਰਮਲ ਸਿੰਘ (ਐਸ.ਐਸ), ਅਮਿਤ ਸੂਦ (ਏ.ਸੀ.ਪੀ) ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।