#AMERICA

ਨਸਲੀ ਨਫਰਤ ਦਾ ਮਾਮਲਾ: ਅਮਰੀਕਾ ‘ਚ ਕੌਂਸਲ ਚੋਣ ਲੜ ਰਹੀ ਭਾਰਤੀ-ਅਮਰੀਕੀ ਔਰਤ ਦੇ ਇਸ਼ਤਿਹਾਰ ‘ਤੇ ਲੱਗੀ ਤਸਵੀਰ ਉਪਰ ਕਾਲਾ ਚੇਹਰਾ ਲਾਇਆ

ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ‘ਚ ਨਸਲੀ ਨਫਰਤ ਤਹਿਤ ਕਿਸੇ ਸਿਰਫਿਰੇ ਵੱਲੋਂ ਕੌਂਸਲ ਚੋਣ ਲੜ ਰਹੀ ਭਾਰਤੀ ਮੂਲ ਦੀ ਇਕ ਔਰਤ ਸਾਰਿਕਾ ਬਾਂਸਲ ਦੇ ਇਕ ਇਸ਼ਤਿਹਾਰ ਉਪਰ ਲੱਗੀ ਤਸਵੀਰ ‘ਤੇ ਉਨ੍ਹਾਂ ਦੇ ਚੇਹਰੇ ਨੂੰ ਖੁਰਚ ਕੇ ਉਸ ਦੀ ਜਗ੍ਹਾ ‘ਤੇ ਕਿਸੇ ਕਾਲੇ ਵਿਅਕਤੀ ਦਾ ਚੇਹਰਾ ਲਾ ਦੇਣ ਦੀ ਖਬਰ ਹੈ। ਇਹ ਘਟਨਾ ਉੱਤਰੀ ਕੈਰੋਲੀਨਾ ਰਾਜ ਦੇ ਕੇਰੀ ਸ਼ਹਿਰ ਵਿਚ ਵਾਪਰੀ ਹੈ, ਜਿਥੇ ਬਾਂਸਲ ਕੌਂਸਲ ਚੋਣਾਂ ਵਿਚ ਉਮੀਦਵਾਰ ਹੈ। ਪ੍ਰਾਪਤ ਵੇਰਵੇ ਅਨੁਸਾਰ ਬਾਂਸਲ ਚੋਣ ਸਬੰਧੀ ਇਕ ਮੀਟਿੰਗ ਵਿਚ ਹਿੱਸਾ ਲੈ ਰਹੀ ਸੀ, ਜਦੋਂ ਉਨ੍ਹਾਂ ਦੇ ਇਕ ਸਮਰਥਕ ਨੇ ਵਟਸਅੱਪ ਉਪਰ ਇਹ ਜਾਣਕਾਰੀ ਦਿੱਤੀ। ਉਸ ਦੇ ਚੋਣ ਇਸ਼ਤਿਹਾਰ ਨਾਲ ਇਹ ਛੇੜਛਾੜ ਡਿਸਟ੍ਰਿਕਟ ਡੀ ਪੱਛਮੀ ਕੇਰੀ ਵਿਚ ਹਾਈਕਰਾਫਟ ਪਿੰਡ ਵਿਚ ਕੀਤੀ ਗਈ ਹੈ, ਜਿਥੋਂ ਉਹ ਚੋਣਾਂ ਵਿਚ ਖੜ੍ਹੀ ਹੈ। ਸਾਰਿਕਾ ਬਾਂਸਲ ਇਸ ਘਟਨਾ ਉਪਰੰਤ ਗਹਿਰੇ ਸਦਮੇ ਵਿਚ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਘਟਨਾ ਤੋਂ ਬਹੁਤ ਦੁੱਖ ਹੋਇਆ ਹੈ। ਬਾਂਸਲ ਅਨੁਸਾਰ ਉਹ ਨਹੀਂ ਜਾਣਦੀ ਕਿ ਉਸ ਦੇ ਹੋਰ ਕਿਸੇ ਇਸ਼ਤਿਹਾਰ ਨਾਲ ਵੀ ਅਜਿਹੀ ਛੇੜਛਾੜ ਕੀਤੀ ਗਈ ਹੈ ਜਾਂ ਨਹੀਂ। ਕੇਰੀ ਕਸਬੇ ਦੀ ਤਰਫੋਂ ਮੇਅਰ ਹਰੋਲਡ ਵੀਨਬਰੈਚਡ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸਲਵਾਦ ਕੇਰੀ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਸਾਡਾ ਮਕਸਦ ਲੋਕਾਂ ਦੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ ਤੇ ਇਸ ਮੰਤਵ ਲਈ ਅਸੀਂ ਕੋਈ ਕਸਰ ਬਾਕੀ ਨਹੀਂ ਰਹਿਣ ਦੇਵਾਂਗੇ। ਇਥੇ ਜ਼ਿਕਰਯੋਗ ਹੈ ਕਿ ਕੇਰੀ ਸ਼ਹਿਰ ਦੀ 1,80,000 ਆਬਾਦੀ ਵਿਚੋਂ 20% ਲੋਕ ਏਸ਼ੀਅਨ ਮੂਲ ਦੇ ਹਨ।

Leave a comment